5 ਕਰੋੜ ਦੀ ਹੈਰੋਇਨ ਸਮੇਤ ਜੰਮੂ-ਕਸ਼ਮੀਰ ਦੇ ਦੋ ਤਸਕਰ ਕੀਤੇ ਕਾਬੂ

0
85

ਜਲੰਧਰ (ਰਮੇਸ਼ ਗਾਬਾ) ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਸਟਾਫ ਦੀ ਪੁਲਿਸ ਨੇ ਜੰਮੂ ਕਸ਼ਮੀਰ ਦੇ ਦੋ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਕੀਤੀ ਹੈ। ਕਾਬੂ ਕੀਤੇ ਗਏ ਤਸਕਰਾਂ ਵਿਚੋਂ ਇਕ ਤਸਕਰ 15 ਸਾਲ ਤਕ ਫ਼ੌਜ ਵਿੱਚ ਨੌਕਰੀ ਕਰ ਚੁੱਕਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਗੁਰਬਾਜ ਸਿੰਘ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਮੁਖੀ ਸਬ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਜੰਮੂ ਕਸ਼ਮੀਰ ਦੇ ਦੋ ਨਸ਼ਾ ਤਸਕਰ ਇਸ ਵੇਲੇ ਫੋਕਲ ਪੁਆਇੰਟ ਵਿਚ ਕਰੋੜਾਂ ਰੁਪਏ ਦੀ ਹੈਰੋਇਨ ਦੀ ਸਪਲਾਈ ਦੇਣ ਲਈ ਆਏ ਹੋਏ ਹਨ। ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਫੋਕਲ ਪੁਆਇੰਟ ਵਿਚ ਛਾਪੇਮਾਰੀ ਕਰਕੇ ਰਿਆਜ਼ ਅਹਿਮਦ ਅਤੇ ਜੌਹਰ ਅਹਿਮਦ ਵਾਸੀ ਜੰਮੂ ਕਸ਼ਮੀਰ ਨੂੰ ਕਾਬੂ ਕਰਕੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਪੰਜ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਏਡੀਸੀਪੀ ਗੁਲਬਾਜ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕਿ ਰਿਆਜ ਅਹਿਮਦ ਜੋ ਕਿ ਫੌਜ ਵਿਚ ਨੌਕਰੀ ਕਰਦਾ ਸੀ ਅਤੇ ਪੰਦਰਾਂ ਸਾਲ ਤਕ ਫੌਜ ਵਿਚ ਨੌਕਰੀ ਕਰਨ ਤੋਂ ਬਾਅਦ ਉਹ ਮਾੜੀ ਸੰਗਤ ਵਿੱਚ ਪੈ ਗਿਆ ਅਤੇ ਉਸ ਨੇ ਜੰਮੂ ਕਸ਼ਮੀਰ ਤੋਂ ਪੰਜਾਬ ਆਉਣ ਵਾਲੇ ਟਰੱਕ ਡਰਾਈਵਰਾਂ ਨਾਲ ਰਾਬਤਾ ਕਾਇਮ ਕਰਕੇ ਉੱਥੋਂ ਹੈਰੋਇਨ ਪੰਜਾਬ ਵਿਚ ਸਪਲਾਈ ਕਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਰਿਆਜ਼ ਅਹਿਮਦ ਅਤੇ ਜੌਹਰ ਅਹਿਮਦ ਆਪ ਖ਼ੁਦ ਹੀ ਜਲੰਧਰ ਵਿਚ ਹੈਰੋਇਨ ਦੀ ਸਪਲਾਈ ਦੇਣ ਲਈ ਆਏ ਸਨ ਕਿ ਪੁਲਿਸ ਦੇ ਅੜਿੱਕੇ ਚੜ੍ਹ ਗਏ।ਉਨ੍ਹਾਂ ਦੱਸਿਆ ਕਿ ਫੜੇ ਗਏ ਦੋਵਾਂ ਤਸਕਰਾਂ ਨੂੰ ਅਦਾਲਤ ਵਿੱਚੋਂ ਪੁਲੀਸ ਰਿਮਾਂਡ ‘ਤੇ ਲੈ ਕੇ ਉਨ੍ਹਾਂ ਦੇ ਨੈੱਟਵਰਕ ਨੂੰ ਬਰੇਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।