ਕਾਰ ਦਾ ਸ਼ੀਸ਼ਾ ਤੋੜ ਕੇ 21 ਲੱਖ ਰੁਪਏ ਦੀ ਨਕਦੀ ਚੋਰੀ, ਚਿੱਟੇ ਦਿਨ ਬੈਂਕ ਦੇ ਬਾਹਰੋਂ ਸ਼ਾਤਰ ਚੋਰਾਂ ਨੇ ਕਾਰੋਬਾਰੀ ਦੀ ਕਾਰ ਨੂੰ ਬਣਾਇਆ ਨਿਸ਼ਾਨਾ

0
62

ਲੁਧਿਆਣਾ (TLT) ਬੇਖੌਫ ਚੋਰਾਂ ਨੇ ਚਿੱਟੇ ਦਿਨ ਕਾਰੋਬਾਰੀ ਦੀ ਕਾਰ ਦਾ ਸ਼ੀਸ਼ਾ ਤੋਡ਼ ਕੇ ਅੰਦਰੋਂ 21ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮੁਹੱਲਾ ਫਤਹਿਗੰਜ ਦੇ ਰਹਿਣ ਵਾਲੇ ਸੰਨੀ ਕਪੂਰ ਦੇ ਬਿਆਨਾਂ ਉੱਪਰ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਾਰੋਬਾਰੀ ਸੰਨੀ ਕਪੂਰ ਨੇ ਦੱਸਿਆ ਕਿ ਉਹ ਆਪਣੇ ਖਾਤੇ ਦੀ ਸਟੇਟਮੈਂਟ ਕੱਢਵਾਉਣ ਲਈ ਇੰਡਸਇੰਡ ਬੈਂਕ ਗਿੱਲ ਰੋਡ ਵਾਲੀ ਬ੍ਰਾਂਚ ਵਿਚ ਗਿਆ ਸੀ। ਸੰਨੀ ਕਪੂਰ ਨੇ ਆਪਣੀ ਰਿਟਜ਼ ਕਾਰ ਬੈਂਕ ਦੇ ਬਾਹਰ ਖਡ਼੍ਹੀ ਕੀਤੀ ਅਤੇ ਖ਼ੁਦ ਅੰਦਰ ਚਲਾ ਗਿਆ। ਕੁਝ ਮਿੰਟਾਂ ਬਾਅਦ ਜਦ ਸੰਨੀ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਕਾਰ ਦਾ ਡਰਾਈਵਰ ਸਾਈਡ ਵਾਲਾ ਪਿਛਲਾ ਸ਼ੀਸ਼ਾ ਟੁੱਟਾ ਹੋਇਆ ਸੀ। ਅੰਦਰ ਝਾਤੀ ਮਾਰਨ ਤੇ ਪਤਾ ਲੱਗਾ ਕਿ ਪਿਛਲੀ ਸੀਟ ਤੇ ਪਿਆ ਨਕਦੀ ਵਾਲਾ ਬੈਗ ਗਾਇਬ ਸੀ। ਸੰਨੀ ਦੇ ਮੁਤਾਬਕ ਅਣਪਛਾਤੇ ਚੋਰ ਉਸ ਦੀ ਕਾਰ ਚੋਂ 21ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 6 ਦੇ ਏ ਐਸ ਆਈ ਕੁਲਬੀਰ ਸਿੰਘ ਮੌਕੇ ਤੇ ਪਹੁੰਚੇ। ਇਸ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਬੈਂਕ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ।