ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਮਿਲ ਕੇ ਲੜਨਗੇ ਚੋਣ, ਸ਼ੇਖਾਵਤ ਨੇ ਕਿਹਾ- ਸੀਟਾਂ ਦੀ ਵੰਡ ‘ਤੇ ਫ਼ੈਸਲਾ ਜਲਦ

0
51

 

ਚੰਡੀਗੜ੍ਹ (tlt) ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦਰਮਿਆਨ ਗਠਜੋੜ ਨੂੰ ਅੰਤਿਮ ਰੂਪ ਦੇਣ ਲਈ ਦਿੱਲੀ ‘ਚ ਹਨ। ਉਹ ਤਿੰਨ ਦਿਨ ਦਿੱਲੀ ‘ਚ ਰਹਿਣਗੇ ਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਮੁੱਖ ਤੌਰ ‘ਤੇ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਦੀ ਗੱਲਬਾਤ ਹੋਣੀ ਹੈ ਕਿਉਂਕਿ ਕੈਪਟਨ ਨੇ ਜ਼ਿਲ੍ਹਾ ਪੱਧਰ ‘ਤੇ ਆਪਣੀ ਪਾਰਟੀ ਦਾ ਜਥੇਬੰਦਕ ਢਾਂਚਾ ਉਸਾਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ‘ਚ ਸੀਟਾਂ ਨੂੰ ਲੈ ਕੇ ਤਸਵੀਰ ਸਪੱਸ਼ਟ ਹੋਣ ਤੋਂ ਬਾਅਦ ਦੋਵੇਂ ਪਾਰਟੀਆਂ ਆਪੋ-ਆਪਣੇ ਖੇਤਰਾਂ ‘ਚ ਜ਼ੋਰ ਲਗਾ ਸਕਦੀਆਂ ਹਨ। ਸ਼ੁੱਕਰਵਾਰ ਨੂੰ ਕੈਪਟਨ ਨੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਵਿਚਾਲੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਗਠਜੋੜ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਹੋਈ। ਕੈਪਟਨ ਨੇ ਟਵੀਟ ਕਰ ਕੇ ਲਿਖਿਆ ਕਿ ਉਨ੍ਹਾਂ ਨੇ ਭਾਜਪਾ ਇੰਚਾਰਜ ਨਾਲ ਬੈਠਕ ‘ਚ ਸੀਟਾਂ ਦੀ ਵੰਡ ‘ਤੇ ਚਰਚਾ ਕੀਤੀ। ਮੁਲਾਕਾਤ ਤੋਂ ਬਾਅਦ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ, ‘ਅੱਜ ਹੋਈ ਇਸ ਗੱਲਬਾਤ ਤੋਂ ਬਾਅਦ ਮੈਂ ਕਹਿ ਸਕਦਾ ਹੈ ਕਿ ਇਹ ਤੈਅ ਹੈ ਕਿ ਅਸੀਂ ਇਕੱਠੇ ਮਿਲ ਕੇ ਚੋਣ ਲੜਾਂਗੇ। ਸੀਟਾਂ ਦੀ ਵੰਡ ‘ਤੇ ਸਹੀ ਸਮੇਂ ‘ਤੇ ਦੱਸਿਆ ਜਾਵੇਗਾ।

ਇਸ ਮੁਲਾਕਾਤ ਮਗਰੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਵੇਗੀ। ਹਾਲਾਂਕਿ ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੈਪਟਨ ਦੇ ਇਸੇ ਦਿੱਲੀ ਦੌਰੇ ਦੌਰਾਨ ਸੀਟਾਂ ਨੂੰ ਲੈ ਕੇ ਤਸਵੀਰ ਸਪਸ਼ਟ ਹੋਵੇਗੀ ਜਾਂ ਨਹੀਂ। ਹਾਲੇ ਤਕ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਪੰਜਾਬ ’ਚ 70 ਸੀਟਾਂ ’ਤੇ ਚੋਣ ਲਡ਼ ਸਕਦੀ ਹੈ ਜਦਕਿ ਕੈਪਟਨ ਦੀ ਪਾਰਟੀ ਲਈ 35 ਸੀਟਾਂ ਛੱਡੀਆਂ ਜਾਣਗੀਆਂ। ਕਿਉਂਕਿ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਦੀ ਇਹ ਪਹਿਲੀ ਚੋਣ ਹੈ। ਇਸ ਲਈ ਹੇਠਲੇ ਪੱਧਰ ’ਤੇ ਹਾਲੇ ਪਾਰਟੀ ਦਾ ਢਾਂਚਾ ਵੀ ਨਹੀਂ ਬਣ ਸਕਿਆ ਤੇ ਬਾਕੀ 12 ਸੀਟਾਂ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਲਈ ਛੱਡੀਆਂ ਜਾਣਗੀਆਂ। ਹਾਲਾਂਕਿ ਜਦੋਂ ਤਕ ਕੈਪਟਨ ਦੀ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਨਹੀਂ ਹੋ ਜਾਂਦੀ ਉਦੋਂ ਤਕ ਤਸਵੀਰ ਸਪਸ਼ਟ ਨਹੀਂ ਹੋ ਸਕੇਗੀ। ਉੱਥੇ, ਕੈਪਟਨ ਦੇ ਕਰੀਬੀ ਸੂਤਰ ਦੱਸਦੇ ਹਨ ਕਿ ਹੁਣ ਚੋਣ ਕਮਿਸ਼ਨ ਦੀ ਟੀਮ ਨੇ ਦੌਰਾ ਕਰ ਲਿਆ ਹੈ, ਜਿਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਚੋਣ ਜ਼ਾਬਤਾ ਜਨਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ ਲੱਗ ਜਾਵੇਗਾ। ਇਸ ਲਈ ਹੁਣ ਗਠਜੋਡ਼ ਨੂੰ ਲੈ ਕੇ ਜ਼ਿਆਦਾ ਦੇਰ ਕਰਨ ਦਾ ਮਤਲਬ ਨਹੀਂ ਰਹਿ ਜਾਂਦਾ ਕਿਉਂਕਿ ਗਠਜੋਡ਼ ਤੇ ਸੀਟਾਂ ਨੂੰ ਲੈ ਕੇ ਤਸਵੀਰ ਸਪਸ਼ਟ ਹੋਣ ਤੋਂ ਬਾਅਦ ਦੋਵੇਂ ਹੀ ਪਾਰਟੀਆਂ ਆਪੋ ਆਪਣੇ ਵਿਧਾਨ ਸਭਾ ਖੇਤਰਾਂ ’ਚ ਜ਼ੋਰ ਲਗਾ ਸਕਦੀਆਂ ਹਨ। ਉੱਥੇ, ਭਾਜਪਾ ਭਾਵੇਂ ਪੰਜਾਬ ’ਚ ਸਥਾਪਤ ਪਾਰਟੀ ਹੋਵੇ ਪਰ ਇਹ ਪਹਿਲਾ ਮੌਕਾ ਹੈ ਜਦੋਂ ਉਹ ਪੂਰੇ ਪੰਜਾਬ ’ਚ ਚੋਣ ਲਡ਼ਨ ਜਾ ਰਹੀ ਹੈ। ਅਕਾਲੀ ਦਲ ਨਾਲ ਗਠਜੋਡ਼ ’ਚ ਰਹਿੰਦੇ ਹੋਏ ਭਾਜਪਾ ਕਦੇ ਵੀ 23 ਸੀਟਾਂ ਤੋਂ ਜ਼ਿਆਦਾ ’ਤੇ ਚੋਣ ਨਹੀਂ ਲਡ਼ ਸਕੀ।

ਭਾਜਪਾ ਭਾਵੇਂ ਪੂਰੇ ਪੰਜਾਬ ‘ਚ ਆਪਣਾ ਜਥੇਬੰਦਕ ਢਾਂਚਾ ਹੋਣ ਦਾ ਦਮ ਭਰਤੀ ਹੋਵੇ, ਪਰ ਮਾਲਵੇ ‘ਚ ਕਈ ਅਜਿਹੇ ਵਿਧਾਨ ਸਭਾ ਹਲਕੇ ਹਨ ਜਿੱਥੇ ਭਾਜਪਾ ਦਾ ਢਾਂਚਾ ਤਾਂ ਹੈ ਪਰ ਆਧਾਰ ਨਹੀਂ। ਇਸ ਦੇ ਨਾਲ ਹੀ ਭਾਵੇਂ ਕਿਸਾਨ ਅੰਦੋਲਨ ਖ਼ਤਮ ਹੋ ਚੁੱਕਾ ਹੈ ਪਰ ਕਿਸਾਨਾਂ ਦੇ ਮਨਾਂ ਵਿੱਚ ਅਜੇ ਵੀ ਤਣਾਓ ਬਰਕਰਾਰ ਹੈ। ਅਜਿਹੇ ‘ਚ ਭਾਜਪਾ ਦਾ ਜ਼ਿਆਦਾ ਧਿਆਨ ਸਿਰਫ ਸ਼ਹਿਰੀ ਖੇਤਰਾਂ ‘ਤੇ ਹੈ। ਜਿੱਥੇ ਕਿਸਾਨ ਲਹਿਰ ਦਾ ਪ੍ਰਭਾਵ ਜਾਂ ਤਾਂ ਛੋਟਾ ਸੀ ਜਾਂ ਨਾ-ਮਾਤਰ ਸੀ। ਇਸ ਦੇ ਨਾਲ ਹੀ ਭਾਵੇਂ ਕੈਪਟਨ ਨੇ ਕਾਂਗਰਸ ਛੱਡ ਦਿੱਤੀ ਹੈ ਪਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਅਜੇ ਵੀ ਉਨ੍ਹਾਂ ਦੀ ਤਾਕਤ ਹੈ।