ਬੈਂਕਾਂ ‘ਚ ਅੱਜ ਵੀ ਰਹੇਗੀ ਹੜਤਾਲ, ਪਹਿਲੇ ਦਿਨ 18,600 ਕਰੋੜ ਰੁਪਏ ਦੇ ਚੈੱਕ ਨਹੀਂ ਹੋਏ ਕਲੀਅਰ

0
53

ਨਵੀਂ ਦਿੱਲੀ (TLT) ਸ਼ੁੱਕਰਵਾਰ ਨੂੰ ਵੀ ਜਨਤਕ ਖੇਤਰ ਦੇ ਬੈਂਕਾਂ ‘ਚ ਹੜਤਾਲ ਰਹੇਗੀ। ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦੇ ਵਿਰੋਧ ਵਿਚ ਜਨਤਕ ਖੇਤਰ ਦੇ ਬੈਂਕਾਂ ਦੇ ਲਗਭਗ 9 ਲੱਖ ਕਰਮਚਾਰੀਆਂ ਨੇ ਵੀਰਵਾਰ ਨੂੰ ਦੋ ਦਿਨਾਂ ਦੀ ਹੜਤਾਲ ਸ਼ੁਰੂ ਕੀਤੀ। ਹੜਤਾਲ ਦੇ ਪਹਿਲੇ ਦਿਨ ਦੇਸ਼ ਭਰ ਦੇ ਬੈਂਕਾਂ ਵਿਚ ਕੰਮ ਨਹੀਂ ਹੋਇਆ। ਬੈਂਕਾਂ ਦੇ ਬੰਦ ਹੋਣ ਕਾਰਨ ਇਨ੍ਹਾਂ ਬੈਂਕਾਂ ਦੇ ਗਾਹਕਾਂ ਨੂੰ ਡਿਪਾਜ਼ਿਟ ਤੇ ਕਢਵਾਉਣ, ਚੈੱਕ ਇਨਕੈਸ਼ਮੈਂਟ ਤੇ ਲੋਨ ਮਨਜ਼ੂਰੀ ਵਰਗੀਆਂ ਸੇਵਾਵਾਂ ਬੰਦ ਹੋਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਕਰੀਬ 16800 ਕਰੋੜ ਰੁਪਏ ਦੇ ਚੈੱਕ ਕਲੀਅਰ ਨਹੀਂ ਹੋ ਸਕੇ।

ਹੜਤਾਲ ਦਾ ਸੱਦਾ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂਐਫਬੀਯੂ), ਆਲ ਇੰਡੀਆ ਬੈਂਕ ਆਫਿਸਰਜ਼ ਕਨਫੈਡਰੇਸ਼ਨ (ਏਆਈਬੀਓਸੀ), ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਅਤੇ ਨੈਸ਼ਨਲ ਬੈਂਕ ਕਰਮਚਾਰੀ ਸੰਗਠਨ (ਐਨਓਬੀਡਬਲਯੂ) ਸਮੇਤ ਨੌਂ ਬੈਂਕ ਯੂਨੀਅਨਾਂ ਦੇ ਫੋਰਮ ਨੇ ਦਿੱਤਾ ਹੈ। ਚਾਲੂ ਵਿੱਤੀ ਸਾਲ ‘ਚ ਸਰਕਾਰੀ ਖੇਤਰ ਦੇ ਦੋ ਹੋਰ ਬੈਂਕਾਂ ਦਾ ਨਿੱਜੀਕਰਨ ਕਰਨ ਦੇ ਸਰਕਾਰ ਦੇ ਫੈਸਲੇ ਖਿਲਾਫ ਕਰਮਚਾਰੀ ਹੜਤਾਲ ‘ਤੇ ਹਨ। ਸਰਕਾਰ ਨੇ ਵਿੱਤੀ ਸਾਲ 2021-22 ਦੇ ਬਜਟ ਵਿਚ ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ।

ਸਟੇਟ ਬੈਂਕ ਆਫ ਇੰਡੀਆ (SBI), ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਇੰਡੀਆ ਵਰਗੀਆਂ ਸਰਕਾਰੀ ਬੈਂਕਾਂ ਦੀਆਂ ਕਈ ਸ਼ਾਖਾਵਾਂ ਵੀਰਵਾਰ ਨੂੰ ਬੰਦ ਰਹੀਆਂ ਕਿਉਂਕਿ ਗਾਹਕਾਂ ਨੇ ਹੜਤਾਲ ਦੀ ਸੂਚਨਾ ਦਿੱਤੀ ਸੀ। ਕਰਮਚਾਰੀ ਯੂਨੀਅਨਾਂ ਨੇ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਤੋਂ ਇਲਾਵਾ ਪੁਰਾਣੀ ਪੀੜ੍ਹੀ ਦੇ ਨਿੱਜੀ ਬੈਂਕਾਂ ਤੇ ਖੇਤਰੀ ਗ੍ਰਾਮੀਣ ਬੈਂਕਾਂ ਦੇ ਕੁਝ ਕਰਮਚਾਰੀ ਵੀ ਹੜਤਾਲ ਵਿਚ ਸ਼ਾਮਲ ਹੋਏ।

ਉਨ੍ਹਾਂ ਦੱਸਿਆ ਕਿ ਇਸ ਦੋ ਰੋਜ਼ਾ ਹੜਤਾਲ ਵਿਚ ਸਫ਼ਾਈ ਕਰਮਚਾਰੀਆਂ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਤਕ ਹਰ ਵਰਗ ਦੇ ਅਧਿਕਾਰੀ ਹਿੱਸਾ ਲੈ ਰਹੇ ਹਨ। ਏਆਈਬੀਈਏ ਦੇ ਜਨਰਲ ਸਕੱਤਰ ਸੀਐਚ ਵੈਂਕਟਚਲਮ ਦੇ ਅਨੁਸਾਰ ਪਹਿਲੇ ਦਿਨ 18,600 ਕਰੋੜ ਰੁਪਏ ਦੇ 20.4 ਲੱਖ ਚੈੱਕਾਂ ਦਾ ਲੈਣ-ਦੇਣ ਨਹੀਂ ਹੋ ਸਕਿਆ। ਸਟੇਟ ਬੈਂਕ ਆਫ ਇੰਡੀਆ ਸਮੇਤ ਸਰਕਾਰੀ ਬੈਂਕਾਂ ਨੇ ਪਹਿਲਾਂ ਹੀ ਗਾਹਕਾਂ ਨੂੰ ਸੂਚਿਤ ਕਰ ਦਿੱਤਾ ਸੀ ਕਿ ਹੜਤਾਲ ਕਾਰਨ ਉਨ੍ਹਾਂ ਦੀਆਂ ਸ਼ਾਖਾਵਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।