ਡਾ. ਰਾਜ ਕੁਮਾਰ ਵੇਰਕਾ ਵੱਲੋਂ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਮੋਹਾਲੀ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

0
43

ਮੈਡੀਕਲ ਕਾਲਜ ’ਚ ਡੀ. ਕਲਾਸ ਦੀਆਂ ਸਾਰੀਆਂ ਅਸਾਮੀਆਂ ਪੱਕੇ ਤੌਰ ’ਤੇ ਭਰਨ ਦੇ ਹੁਕਮ

ਚੰਡੀਗੜ੍ਹ (tlt) ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏ.ਆਈ.ਐਮ.ਐਸ.) ਦੇ ਰਹਿੰਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਸ ਇੰਸਟੀਚਿਊਟ ਦਾ ਕੰਮ ਨਿਰਧਾਰਤ ਸਮੇਂ ਵਿੱਚ ਪੂਰੀ ਸਮਰੱਥਾ ਨਾਲ ਸ਼ੁਰੂ ਕੀਤਾ ਜਾ ਸਕੇ।

ਅੱਜ ਸਥਾਨਿਕ ਪੰਜਾਬ ਭਵਨ ਵਿਖੇ ਏ.ਆਈ.ਐਮ.ਐਸ. ਮੋਹਾਲੀ ਦੀ ਪ੍ਰਬੰਧਕੀ ਬੋਰਡ ਦੀ 15ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਾ. ਵੇਰਕਾ ਨੇ ਮੈਡੀਕਲ ਕਾਲਜ ਦੇ ਨਿਰਮਾਣ ਦੇ ਕੰਮ, ਸਾਜੋ-ਸਮਾਨ ਦੀ ਖਰੀਦ ਅਤੇ ਵੱਖ ਵੱਖ ਵਿਭਾਗਾਂ ਵਿੱਚ ਮੁਲਾਜ਼ਮਾਂ ਦੀ ਭਰਤੀ ਸਬੰਧੀ ਤੇਜੀ ਲਿਆਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਉੱਚ ਦਰਜੇ ਦੀ ਮੈਡੀਕਲ ਸਿੱਖਿਆ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ ਜਿਸ ਕਰਕੇ ਇਸ ਇੰਸਟੀਚਿਊਟ ਲਈ ਮੰਨੇ-ਪ੍ਰਮੰਨੇ ਪ੍ਰੋਫੈਸਰਾਂ, ਡਾਕਟਰਾਂ ਅਤੇ ਹੋਰ ਤਕਨੀਕੀ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ।

 ਉਨ੍ਹਾਂ ਨੇ ਮੈਡੀਕਲ ਕਾਲਜ ਲਈ ਡੀ. ਕਲਾਸ ਦੀਆਂ ਸਾਰੀਆਂ ਅਸਾਮੀਆਂ ਆਊਟ ਸੋਰਸਜ਼ ਦੀ ਬਜਾਏ ਪੱਕੇ ਤੌਰ ’ਤੇ ਭਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਡੀ. ਕਲਾਸ ਦੀਆਂ ਆਸਾਮੀਆਂ ਪੱਕੇ ਤੌਰ ’ਤੇ ਭਰਨਾ ਪੰਜਾਬ ਸਰਕਾਰ ਦੀ ਨੀਤੀ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ਵਿੱਚ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਦੌਰਾਨ ਉਨ੍ਹਾਂ ਨੇ ਮੈਡੀਕਲ ਕਾਲਜ ਦੇ ਨਿਰਮਾਣ ਦੇ ਰਹਿੰਦੇ ਕੰਮਾਂ ਅਤੇ ਸਾਜੋ-ਸਮਾਨ ਦੀ ਖਰੀਦ ਲਈ ਜਲਦੀ ਤੋਂ ਜਲਦੀ ਟੈਂਡਰ ਮੰਗਥਣ ਲਈ ਵੀ ਕਿਹਾ ਤਾਂ ਜੋ ਇਸ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਅਤੇ ਪੜ੍ਹਾਈ ਦਾ ਕੰਮ ਬਿਨਾ ਕਿਸੇ ਅੜਚਨ ਦੇ ਚੱਲ ਸਕੇ।

ਇਸ ਤੋਂ ਪਹਿਲਾਂ ਏ.ਆਈ.ਐਮ.ਐਸ. ਦੀ ਪਿ੍ਰੰਸੀਪਲ ਡਾ. ਭਵਨੀਤ ਭਾਰਤੀ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਮੈਡੀਕਲ ਕਾਲਜ ਦੇ ਵੱਖ ਵੱਖ ਵਿਭਾਗਾਂ ਵਿੱਚ ਭਰਤੀ, ਹੁਣ ਤੱਕ ਹੋਏ ਨਿਰਮਾਣ ਕਾਰਜਾਂ, ਵੱਖ ਵੱਖ ਖੇਤਰਾਂ ਵਿੱਚ ਦਰਪੇਸ਼ ਮੁਸ਼ਕਲਾਂ ਅਤੇ ਕਾਲਜ ਵਿੱਚ ਹੁਣ ਤੱਕ ਹੋਏ ਵਿਭਿੰਨ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਅਕਾਦਮਿਕ ਵਰ੍ਹੇ ਤੋਂ ਸ਼ੁਰੂ ਹੋ ਰਹੀਆਂ ਕਲਾਸਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਅਤੇ ਭਵਿਖੀ ਕਾਰਜਾਂ ਬਾਰੇ ਵੀ ਦੱਸਿਆ। ਇਹ ਕਾਲਜ 450 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਐਮ.ਬੀ.ਬੀ.ਐਸ. ਵਿੱਚ ਦਾਖਲੇ ਲਈ ਕੇਂਦਰ ਤੋਂ ਪ੍ਰਵਾਨਗੀ ਮਿਲ ਗਈ ਹੈ ਅਤੇ ਇਹ ਕਲਾਸਾਂ ਇਸੇ ਅਕਾਦਮਿਕ ਸੈਸ਼ਨ ਤੋਂ ਸ਼ੁਰੂ ਹੋਣਗੀਆਂ। ਇਸ ਇੰਸਟੀਚਿਊਟ ਦੇ ਵਾਸਤੇ ਮੋਹਾਲੀ ਸਿਵਲ ਹਸਪਤਾਲ ਨੂੰ ਅੱਪਗਰੇਡ ਕੀਤਾ ਜਾ ਰਿਹਾ ਹੈ।

ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪਿੰ੍ਰਸੀਪਲ ਸਕੱਤਰ ਸ੍ਰੀ ਅਲੋਕ ਸ਼ੇਖਰ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਸਿੰਘ, ਏ.ਡੀ.ਸੀ. ਮੋਹਾਲੀ ਸ੍ਰੀ ਹਿਮਾਂਸ਼ੂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਫਸਰ ਅਤੇ ਬੋਰਡ ਮੈਂਬਰ ਵੀ  ਹਾਜ਼ਰ ਸਨ।