ਸੁੱਚਾ ਸਿੰਘ ਛੋਟੇਪੁਰ ਫੜਨਗੇ ਅਕਾਲੀ ਦਲ ਦਾ ਪੱਲਾ? ਅੱਜ ਹੋ ਸਕਦਾ ਐਲਾਨ

0
56

ਚੰਡੀਗੜ੍ਹ (TLT) ਆਪਣਾ ਪੰਜਾਬ ਪਾਰਟੀ’ ਦੇ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ। ਪਹਿਲਾਂ ਚਰਚਾ ਸੀ ਕਿ ਉਹ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਖਬਰ ਹੈ।

ਸੂਤਰ ਮੁਤਾਬਕ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਗੱਲ ਸਿਰੇ ਚੜ੍ਹ ਗਈ ਹੈ। ਉਹ ਅੱਜ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਂਝ ਇਸ ਦੀ ਅਜੇ ਕਿਸੇ ਵੀ ਧਿਰ ਨੇ ਪੁਸ਼ਟੀ ਨਹੀਂ ਕੀਤੀ। ਚਰਚਾ ਹੈ ਕਿ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਬਟਾਲਾ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ।

ਸੂਤਰਾਂ ਮੁਤਾਬਕ ਪਹਿਲਾਂ ਛੋਟੇਪੁਰ ਵੱਲੋਂ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਤੇ ਫਿਰ ਕਾਦੀਆਂ ਤੋਂ ਉਮੀਦਵਾਰ ਬਣਾਏ ਜਾਣ ਦੀ ਵੀ ਚਰਚਾ ਚੱਲਦੀ ਰਹੀ ਹੈ। ਜਥੇਦਾਰ ਛੋਟੇਪੁਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ‘ਆਪ’ ਨੂੰ ਅਲਵਿਦਾ ਆਖ ਦਿੱਤਾ ਸੀ। ਇਸ ਵਾਰ ਚਰਚਾ ਸੀ ਕਿ ਉਹ ਮੁੜ ‘ਆਪ’ ਵਿੱਚ ਆ ਸਕਦੇ ਹਨ ਪਰ ਸ਼ਾਇਦ ਇਹ ਸਿਰੇ ਨਹੀਂ ਚੜ੍ਹ ਸਕਿਆ।

ਸੁੱਚਾ ਸਿੰਘ ਛੋਟੇਪੁਰ ਨੇ ਆਪਣਾ ਸਿਆਸੀ ਜੀਵਨ 1975 ਵਿੱਚ ਸ਼ੁਰੂ ਕੀਤਾ ਤੇ ਪਿੰਡ ਛੋਟੇਪੁਰ ਦੇ ਸਰਪੰਚ ਬਣੇ। 1985 ਵਿੱਚ ਉਨ੍ਹਾਂ ਨੇ ਧਾਰੀਵਾਲ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ। ਇਸ ਸਮੇਂ ਦੌਰਾਨ ਉਹ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ।

ਉਨ੍ਹਾਂ ਨੇ ਦਰਬਾਰ ਸਾਹਿਬ ‘ਤੇ ਕਾਰਵਾਈ ਦੇ ਵਿਰੋਧ ‘ਚ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ 2002 ਵਿੱਚ ਮੁੜ ਧਾਰੀਵਾਲ ਤੋਂ ਚੋਣ ਲੜੀ ਤੇ ਹਾਰ ਗਏ। ਇਸ ਤੋਂ ਬਾਅਦ ਉਹ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤੇ ਪੰਜਾਬ ਕਨਵੀਨਰ ਵਜੋਂ ਕੰਮ ਕੀਤਾ। ਇਸ ਦੌਰਾਨ ‘ਆਪ’ ਨੇ ਵਿਧਾਨ ਸਭਾ ਚੋਣਾਂ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ।