ਚੋਰਾਂ ਨੇ ਸਕਿਓਰਿਟੀ ਗਾਰਡ ਬੰਧਕ ਬਣਾ ਕੇ ਕਮਲਾ ਨਹਿਰੂ ਪਬਲਿਕ ਸਕੂਲ ਵਿਖੇ ਕੀਤੀ ਲੁੱਟ

0
56

ਫਗਵਾੜਾ (TLT) ਫਗਵਾੜਾ ਦੇ ਨਜ਼ਦੀਕੀ ਪਿੰਡ ਚੱਕ ਹਕੀਮ ਵਿਖੇ ਸਥਿਤ ਕਮਲਾ ਨਹਿਰੂ ਪਬਲਿਕ ਸਕੂਲ ਵਿਖੇ ਦੇਰ ਰਾਤ ਅੱਧੀ ਦਰਜਨ ਚੋਰਾਂ ਨੇ ਹਥਿਆਰਾਂ ਸਣੇ ਦੋਵੇਂ ਸਕਿਓਰਿਟੀ ਗਾਰਡਾਂ ਨੂੰ ਬੰਧਕ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਦੋਵੇਂ ਸਕਿਓਰਿਟੀ ਗਾਰਡਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਦੋਵੇਂ ਸਕਿਓਰਿਟੀ ਗਾਰਡਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ ਲਿਆਂਦਾ ਗਿਆ ਜਿੱਥੇ ਦੋਵੇਂ ਜ਼ੇਰੇ ਇਲਾਜ ਹਨ। ਵਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਸਕੂਲ ਆਏ ਤਾਂ ਸਕੂਲ ਦੇ ਸਾਰੇ ਦਰਾਜ ਤੋੜੇ ਹੋਏ ਸਨ। ਉਨ੍ਹਾਂ ਨੇ ਮੌਕੇ ‘ਤੇ ਪੁਲਿਸ ਨੂੰ ਬੁਲਾਇਆ ਅਤੇ ਮਾਮਲੇ ਦੀ ਸਾਰੀ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਹਾਲੇ ਅਸੀਂ ਸੀਸੀਟੀਵੀ ਕੈਮਰੇ ਅਤੇ ਹੋਰ ਸਾਮਾਨ ਦੀ ਜਾਂਚ ਕਰ ਰਹੇ ਹਾਂ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ। ਉਨ੍ਹਾਂ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਵਿੱਦਿਆ ਦਾ ਘਰ ਹੈ ਜਿਹੜੇ ਇਨਸਾਨ ਵੀ ਅਜਿਹੇ ਅਪਰਾਧ ਕਰਦੇ ਹਨ ਉਨ੍ਹਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਸਿਵਲ ਹਸਪਤਾਲ ਦੇ ਡਿਊਟੀ ‘ਤੇ ਤੈਨਾਤ ਡਾਕਟਰ ਰਵੀ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਕੋਲ ਦੋ ਮਰੀਜ਼ ਪੁੱਜੇ, ਇਕ ਦਾ ਨਾਂ ਜਸਵੀਰ ਢਾਡੀ ਤੇ ਦੂਸਰੇ ਦਾ ਨਾਮ ਰਾਜਨ ਹੈ। ਦੋਵੇਂ ਹੀ ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ ਵਿਖੇ ਸਕਿਓਰਿਟੀ ਗਾਰਡ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਸਿਰ ‘ਤੇ ਗੰਭੀਰ ਸੱਟਾਂ ਮਾਰੀਆਂ ਗਈਆਂ ਹਨ ਅਤੇ ਦੋਵੇਂ ਜ਼ੇਰੇ ਇਲਾਜ ਹਨ।

ਜਦੋਂ ਸਕਿਓਰਿਟੀ ਗਾਰਡ ਜਸਬੀਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਰਾਤ ਦੋ ਤੋਂ ਢਾਈ ਵਜੇ ਦੇ ਕਰੀਬ ਅੱਧੀ ਦਰਜਨ ਚੋਰ ਆਏ ਅਤੇ ਡਿਊਟੀ ‘ਤੇ ਤੈਨਾਤ ਦੋਵੇਂ ਗਾਰਡਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਉਨ੍ਹਾਂ ਕੋਲ ਬੇਸਬਾਲ ਅਤੇ ਪਿਸਟਲ ਵੀ ਮੌਜੂਦ ਸਨ, ਚੋਰਾਂ ਨੇ ਪਿਸਟਲ ਸਾਡੇ ਕੰਨ ‘ਤੇ ਲਗਾ ਕੇ ਆਖਿਆ ਕਿ ਜੇਕਰ ਅਸੀਂ ਰੌਲਾ ਪਾਇਆ ਤਾਂ ਉਹ ਸਾਨੂੰ ਗੋਲੀ ਮਾਰ ਦੇਣਗੇ। ਜਿਸ ਤੋਂ ਬਾਅਦ ਉਨ੍ਹਾਂ ਨੇ ਸਾਡੇ ਦੋਵਾਂ ਨਾਲ ਕੁੱਟਮਾਰ ਕੀਤੀ ਅਤੇ ਸਾਨੂੰ ਦੋਵਾਂ ਨੂੰ ਗੰਭੀਰ ਜ਼ਖ਼ਮੀ ਕਰ ਕੇ ਇਕ ਸਾਈਡ ਤੇ ਬਿਠਾ ਦਿੱਤਾ ਅਤੇ ਅੰਦਰ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸਕੂਲ ਪ੍ਰਬੰਧਕਾਂ ਵੱਲੋਂ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਮੌਕੇ ‘ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ।