ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਤੜਕੇ ਘੇਰ ਲਿਆ ਮੰਤਰੀ ਦਾ ਘਰ

0
62

ਜਲੰਧਰ (ਰਮੇਸ਼ ਗਾਬਾਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਗੁਪਤ ਐਕਸ਼ਨ ਤਹਿਤ ਅੱਜ ਸਵੇਰੇ ਤੜਕੇ 6 ਵਜੇ ਦੇ ਕਰੀਬ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦਾ ਘੇਰਾਓ ਕਰ ਦਿੱਤਾ ਹੈ। ਇਲਾਕੇ ਦੇ ਲੋਕ ਤੇ ਪੁਲਿਸ ਵਾਲੇ ਹਾਲੇ ਰਜਾਈਆਂ ਵਿਚ ਵੜੇ ਹੋਏ ਸਨ ਜਦਕਿ ਬੇਰੁਜ਼ਗਾਰਾਂ ਨੇ ਠੰਢ ਦੀ ਪ੍ਰਵਾਹ ਕੀਤੇ ਬਿਨਾਂ ਹੀ ਮੰਤਰੀ ਦੇ ਘਰ ਬਾਹਰ ਜਾ ਕੇ ਧਰਨਾ ਲਾ ਦਿੱਤਾ। ਨਾਅਰੇਬਾਜ਼ੀ ਹੁੰਦੀ ਸੁਣ ਕੇ ਉਥੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਘੇਰਾਓ ਕਰ ਰਹੇ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਵਾਲਿਆਂ ਨੇ ਰੋਸ ਪ੍ਰਦਰਸ਼ਨ ਦੀਆਂ ਵੀਡੀਓ ਬਣਾ ਰਹੇ ਬੇਰੁਜ਼ਗਾਰ ਨੌਜਵਾਨਾਂ ਦੇ ਮੋਬਾਈਲ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਤੇ ਅਮਨਦੀਪ ਸੇਖਾ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦਾ ਘੇਰਾਓ ਕਰਨ ਦਾ ਫੈਸਲਾ ਲਿਆ ਸੀ ਪਰ ਫਿਰ ਉਨ੍ਹਾਂ ਨੇ ਬੀਐੱਸਐੱਫ ਚੌਕ ਵਿਚ ਧਰਨਾ ਲਾ ਕੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਯੂਨੀਅਨ ਦੇ ਸਾਥੀਆਂ ਨੇ ਆਪਣੇ ਗੁਪਤ ਐਕਸ਼ਨ ਤਹਿਤ ਅੱਜ ਸਵੇਰੇ ਤੜਕੇ 6 ਵਜੇ ਦੇ ਕਰੀਬ ਬੱਸ ਅੱਡੇ ਵਿਚ ਤਾਇਨਾਤ ਪੁਲਿਸ ਨੂੰ ਚਕਮਾ ਦੇ ਕੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦਾ ਘੇਰਾਓ ਕਰਨ ਲਈ ਚਾਲੇ ਪਾ ਦਿੱਤੇ ਅਤੇ ਮੰਤਰੀ ਦੇ ਘਰ ਤੱਕ ਪੁੱਜ ਗਏ ਉਥੇ ਸ਼ਾਂਤੀਪੂਰਵਕ ਧਰਨਾ ਲਾ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਪਰਗਟ ਸਿੰਘ ਅੱਜ ਆਪਣੇ ਘਰ ਦੇ ਅੰਦਰ ਹੀ ਹਨ। ਇਸ ਲਈ ਉਹ ਆਪਣੀਆਂ ਮੰਗਾਂ ਬਾਰੇ ਕੋਈ ਫੈਸਲਾਕੁੰਨ ਜਵਾਬ ਲੈ ਕੇ ਹੀ ਮੁੜਨਗੇ।0 0 0