ਜਨਰਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੇ ਸ਼੍ਰੋਮਣੀ ਕਮੇਟੀ ਦੇ 44ਵੇਂ ਪ੍ਰਧਾਨ

0
58
  • ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਪ੍ਰਿੰ: ਸੁਰਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਤੇ ਸ. ਕਰਨੈਲ ਸਿੰਘ ਪੰਜੋਲੀ ਬਣੇ ਜਨਰਲ ਸਕੱਤਰ

ਅੰਮ੍ਰਿਤਸਰ (tlt) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਥੇ ਸਥਿਤ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਸਾਲਾਨਾ ਜਨਰਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣਿਆ ਗਿਆ। ਉਹ ਸ਼੍ਰੋਮਣੀ ਕਮੇਟੀ ਦੇ 44ਵੇਂ ਪ੍ਰਧਾਨ ਬਣੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਏ ਇਜਲਾਸ ਦੌਰਾਨ ਸ. ਸੁਰਜੀਤ ਸਿੰਘ ਭਿੱਟੇਵੱਡ ਨੇ ਐਡਵੋਕੇਟ ਹਰਜਿੰਦਰ ਸਿੰਘ ਦਾ ਨਾਂ ਪ੍ਰਧਾਨਗੀ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਮਜੀਦ ਸ. ਰਵਿੰਦਰ ਸਿੰਘ ਖਾਲਸਾ ਨੇ ਕੀਤੀ। ਇਸੇ ਦੌਰਾਨ ਸ. ਅਮਰੀਕ ਸਿੰਘ ਸ਼ਾਹਪੁਰ ਨੇ ਸ. ਮਿੱਠੂ ਸਿੰਘ ਕਾਹਨੇਕੇ ਦਾ ਨਾਂ ਪ੍ਰਧਾਨਗੀ ਪਦ ਲਈ ਪੇਸ਼ ਕੀਤਾ, ਜਿਸ ’ਤੇ ਹੋਈਆਂ ਵੋਟਾਂ ਮਗਰੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੇਤੂ ਰਹੇ। ਕੁਲ ਪੋਲ ਹੋਈਆਂ 142 ਵੋਟਾਂ ਵਿੱਚੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 122 ਅਤੇ ਸ. ਮਿੱਠੂ ਸਿੰਘ ਕਾਹਨੇਕੇ ਨੂੰ 19 ਵੋਟਾਂ ਪ੍ਰਾਪਤ ਹੋਈਆਂ, ਜਦਕਿ 1 ਵੋਟ ਰੱਦ ਹੋਈ।ਜਨਰਲ ਇਜਲਾਸ ਦੌਰਾਨ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ, ਉਨ੍ਹਾਂ ਦਾ ਨਾਂ ਸ. ਬਲਜੀਤ ਸਿੰਘ ਜਲਾਲਉਸਮਾਂ ਨੇ ਪੇਸ਼ ਕੀਤਾ, ਤਾਈਦ ਸ. ਗੁਰਮੀਤ ਸਿੰਘ ਬੂਹ ਅਤੇ ਤਾਈਦ ਮਾਜੀਦ ਸ. ਰਵਿੰਦਰ ਸਿੰਘ ਖਾਲਸਾ ਵੱਲੋਂ ਕੀਤੀ ਗਈ। ਇਸੇ ਤਰ੍ਹਾਂ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਵਜੋਂ ਚੁਣਿਆ ਗਿਆ। ਉਨ੍ਹਾਂ ਦਾ ਨਾਂ ਸ. ਸੁਖਹਰਪ੍ਰੀਤ ਸਿੰਘ ਰੋਡੇ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਮਜੀਦ ਸ. ਨਿਰਮਲ ਸਿੰਘ ਹਰਿਆਓ ਨੇ ਕੀਤੀ। ਜਨਰਲ ਸਕੱਤਰ ਵਜੋਂ ਸ. ਕਰਨੈਲ ਸਿੰਘ ਪੰਜੋਲੀ ਨੂੰ ਚੁਣਿਆ ਗਿਆ।ਸ. ਪੰਜੋਲੀ ਦਾ ਨਾਂ ਸ. ਦਲਜੀਤ ਸਿੰਘ ਭਿੰਡਰ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਸ. ਅਜਮੇਰ ਸਿੰਘ ਖੇੜਾ ਅਤੇ ਮਜੀਦ ਸ. ਅਵਤਾਰ ਸਿੰਘ ਰਿਆ ਵੱਲੋਂ ਕੀਤੀ ਗਈ। ਭਾਵੇਂ ਕਿ ਜਨਰਲ ਸਕੱਤਰ ਦੀ ਚੋਣ ਵੀ ਵੋਟਾਂ ਰਾਹੀਂ ਹੋਈ, ਪਰ ਸ. ਕਰਨੈਲ ਸਿੰਘ ਪੰਜੋਲੀ 112 ਵੋਟਾਂ ਲੈ ਕੇ ਜੇਤੂ ਰਹੇ। ਸ. ਪੰਜੋਲੀ ਦੇ ਮੁਕਾਬਲੇ ’ਤੇ ਖੜ੍ਹੇ ਸ. ਗੁਰਪ੍ਰੀਤ ਸਿੰਘ ਕੇਵਲ 21 ਵੋਟਾਂ ਹੀ ਪ੍ਰਾਪਤ ਕਰ ਸਕੇ। ਜਨਰਲ ਸਕੱਤਰ ਲਈ ਪਈਆਂ ਵੋਟਾਂ ਵਿੱਚੋਂ 1 ਵੋਟ ਕੈਂਸਲ ਹੋਈ।ਜਨਰਲ ਇਜਲਾਸ ਦੌਰਾਨ 11 ਅੰਤ੍ਰਿੰਗ ਕਮੇਟੀ ਮੈਂਬਰ ਚੁਣੇ ਗਏ। ਅੰਤ੍ਰਿੰਗ ਮੈਂਬਰਾਂ ਵਿਚ ਸ. ਸੁਰਜੀਤ ਸਿੰਘ ਕੰਗ, ਸ. ਸਰਵਣ ਸਿੰਘ ਕੁਲਾਰ, ਸ. ਸੁਰਜੀਤ ਸਿੰਘ ਗੜ੍ਹੀ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਅਮਰਜੀਤ ਸਿੰਘ ਬੰਡਾਲਾ, ਬੀਬੀ ਗੁਰਪ੍ਰੀਤ ਕੌਰ, ਸ. ਜੋਧ ਸਿੰਘ ਸਮਰਾ, ਬਾਬਾ ਗੁਰਪ੍ਰੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ।