ਨਵੀਂ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਦਸੰਬਰ ਮਹੀਨੇ ਹੋਵੇਗੀ ਕਾਰਜਸ਼ੀਲ: ਸੁਖਜਿੰਦਰ ਸਿੰਘ ਰੰਧਾਵਾ

0
50

ਜੇਲਾਂ ਵਿੱਚ ਤੇਲ ਕੰਪਨੀਆਂ ਦੇ ਆਊਟਲੈਟ ਸਥਾਪਨ ਲਈ ਮਨਜ਼ੂਰੀਆਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

ਮੁਹਾਲੀ ਦੀ ਜ਼ਿਲਾ ਜੇਲ ਲਈ ਜ਼ਮੀਨ ਦੀ ਸ਼ਨਾਖਤ ਵਾਸਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਖਿਆ

ਚੰਡੀਗੜ (TLT) ਗੋਇੰਦਵਾਲ ਸਾਹਿਬ ਵਿਖੇ ਉਸਾਰੀ ਜਾ ਰਹੀ ਨਵੀਂ ਕੇਂਦਰੀ ਜੇਲ ਦਾ ਉਸਾਰੀ ਦਾ ਕੰਮ ਲੱਗਭੱਗ ਮੁਕੰਮਲ ਹੋ ਗਿਆ ਜਿਹੜੀ ਕਿ ਦਸੰਬਰ ਦੇ ਅੱਧ ਵਿੱਚ ਜੇਲ ਵਿਭਾਗ ਨੂੰ ਸੌਂਪ ਦਿੱਤੀ ਜਾਵੇਗੀ। ਦਸੰਬਰ ਮਹੀਨੇ ਵਿੱਚ ਇਹ ਜੇਲ ਕਾਰਜਸ਼ੀਲ ਹੋ ਜਾਵੇਗੀ। ਇਹ ਗੱਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜੇਲ ਵਿਭਾਗ ਨਾਲ ਸਬੰਧਤ ਮਾਮਲਿਆਂ ਦੀ ਸਮੀਖਿਆ ਸਬੰਧੀ ਪੰਜਾਬ ਸਿਵਲ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਸੱਦੀ ਉਚ ਪੱਧਰੀ ਮੀਟਿੰਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਆਖੀ।
ਸ. ਰੰਧਾਵਾ ਜਿਨਾਂ ਕੋਲ ਜੇਲ ਵਿਭਾਗ ਵੀ ਹੈ, ਨੇ ਦੱਸਿਆ ਕਿ ਸੂਬੇ ਦੀਆਂ ਜੇਲਾਂ ਦੀ ਸਮਰੱਥਾ ਨੂੰ ਤਰਕਸੰਗਤ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ 185 ਕਰੋੜ ਰੁਪਏ ਦੀ ਲਾਗਤ ਨਾਲ 2780 ਕੈਦੀਆਂ ਦੀ ਸਮਰੱਥਾ ਵਾਲੀ ਕੇਂਦਰੀ ਜੇਲ ਉਸਾਰੀ ਗਈ ਹੈ। ਇਸ ਨਾਲ ਸੂਬੇ ਵਿੱਚ ਕੇਂਦਰੀ ਜੇਲਾਂ ਦੀ ਗਿਣਤੀ 10 ਅਤੇ ਕੁੱਲ ਜੇਲਾਂ ਦੀ ਗਿਣਤੀ 26 ਹੋ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਜੇਲ ਦਾ ਨਿਰਮਾਣ ਕੰਮ ਕਰੀਬ ਮੁਕੰਮਲ ਹੋ ਗਿਆ ਹੈ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਦਸੰਬਰ ਦੇ ਅੱਧ ਤੱਕ ਜੇਲ ਵਿਭਾਗ ਨੂੰ ਸੌਂਪ ਦਿੱਤੀ ਜਾਵੇਗੀ।
ਉਪ ਮੁੱਖ ਮੰਤਰੀ ਨੇ ਦੱਸਿਆ ਕਿ ਮੁਹਾਲੀ ਤੇ ਫਤਹਿਗੜ ਸਾਹਿਬ ਜ਼ਿਲਿਆਂ ਦੇ ਕੈਦੀਆਂ ਨੂੰ ਹੁਣ ਰੋਪੜ ਤੇ ਪਟਿਆਲਾ ਜੇਲ ਭੇਜਣਾ ਪੈਂਦਾ ਹੈ ਜਿਸ ਸਬੰਧੀ ਮੁਹਾਲੀ ਜ਼ਿਲੇ ਵਿੱਚ ਨਵੀਂ ਜੇਲ ਬਣਾਉਣ ਦੀ ਤਜਵੀਜ ਬਣਾਈ ਜਾ ਰਹੀ ਹੈ, ਇਸ ਕੰਮ ਲਈ ਲੋੜੀਂਦੀ ਜਮੀਨ ਦੀ ਸ਼ਨਾਖਤ ਕਰਨ ਦਾ ਕੰਮ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸੌਂਪਿਆ ਗਿਆ। ਇਸ ਸਬੰਧੀ ਮੀਟਿੰਗ ਵਿੱਚ ਹੀ ਦੋਵੇਂ ਸਬੰਧਤ ਵਿਭਾਗਾਂ ਦੇ ਇਕ-ਇਕ ਅਫਸਰ ਦੀ ਡਿਊਟੀ ਲਗਾਈ ਗਈ ਹੈ।
ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਜੇਲ ਵਿਭਾਗ ਦੀਆਂ ਥਾਵਾਂ ਉਤੇ ਤੇਲ ਕੰਪਨੀਆਂ ਦੇ ਆਊਟਲੈਟ ਸਥਾਪਤ ਕਰਨ ਸਬੰਧੀ ਮਨਜ਼ੂਰੀਆਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰਾਂ ਫਰੀਦਕੋਟ ਜੇਲ ਵਿੱਚ ਨਿਰੋਲ ਕੈਦੀਆਂ ਵਾਸਤੇ ਹਸਪਤਾਲ ਸਥਾਪਤ ਕਰਨ ਲਈ ਸਿਹਤ ਵਿਭਾਗ ਨੂੰ ਲੋੜੀਂਦਾ ਸਟਾਫ ਤਾਇਨਾਤ ਕਰਨ ਲਈ ਆਖਿਆ ਗਿਆ ਜਿਸ ਨਾਲ ਕੈਦੀਆਂ ਨੂੰ ਇਲਾਜ ਲਈ ਦੂਰ-ਦੁਰਾਡੇ ਨਹੀਂ ਲਿਜਾਣਾ ਪਵੇਗਾ।
ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਲੋਕ ਨਿਰਮਾਣ, ਪੀ.ਐਸ.ਪੀ.ਸੀ.ਐਲ., ਭੌਂ ਸੰਭਾਲ, ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਨਜ਼ੂਰੀਆਂ ਦਾ ਕੰਮ ਤੈਅ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਅਤੇ ਲੋਕ ਨਿਰਮਾਣ ਮਿੱਥੇ ਸਮੇਂ ਤੱਕ ਜੇਲ ਵਿਭਾਗ ਨੂੰ ਕੇਂਦਰੀ ਜੇਲ ਸੌਂਪਣਾ ਯਕੀਨੀ ਬਣਾਏ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਜੇਲਾਂ ਡੀ.ਕੇ.ਤਿਵਾੜੀ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ ਵਿਵੇਕ ਪ੍ਰਤਾਪ ਸਿੰਘ, ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ ਰਾਹੁਲ ਭੰਡਾਰੀ, ਪੁੱਡਾ ਦੇ ਸੀ.ਏ. ਵਿਨੇ ਬੁਬਲਾਨੀ, ਏ.ਡੀ.ਜੀ.ਪੀ. ਜੇਲਾਂ ਪ੍ਰਵੀਨ ਕੁਮਾਰ ਸਿਨਹਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜਮ, ਡਾਇਰੈਕਟਰ ਸਿਹਤ ਸੇਵਾਵਾਂ ਡਾ.ਅੰਦੇਸ਼, ਆਈ.ਜੀ. ਜੇਲਾਂ ਰੂਪ ਕੁਮਾਰ ਅਰੋੜਾ, ਡੀ.ਆਈ.ਜੀ. ਜੇਲਾਂ ਅਮਨੀਤ ਕੌਂਡਲ, ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।