ਵਾਪਰਿਆ ਭਿਆਨਕ ਸੜਕ ਹਾਦਸਾ: ਟੈਂਪੂ ਡਰਾਈਵਰ, ਦੋ ਮੱਝਾਂ ਤੇ ਦੋ ਕੱਟੜੂਆਂ ਦੀ ਮੌਤ

0
69

ਨਾਭਾ (TLT) ਪੰਜਾਬ ‘ਚ ਦਿਨੋਂ ਦਿਨ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਇਨ੍ਹਾਂ ਸੜਕਾਂ ਨੂੰ ਖ਼ੂਨੀ ਸੜਕਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਬੀਤੀ ਰਾਤ ਨਾਭਾ ਵਿਖੇ ਜਿਥੇ ਨਾਭਾ ਮਾਲੇਰਕੋਟਲਾ ਸਥਿਤ ਪਿੰਡ ਲੱਧਾਹੇੜੀ ਨੇੜੇ ਇਕ ਤੇਜ਼ ਰਫਤਾਰ ਸਕਾਰਪੀਓ ਵੱਲੋਂ ਛੋਟਾ ਹਾਥੀ ਵਿਚ ਟੱਕਰ ਮਾਰ ਦਿੱਤੀ ਗਈ, ਟੱਕਰ ਐਨੀ ਭਿਆਨਕ ਸੀ ਕਿ ਛੋਟਾ ਹਾਥੀ ਦੇ ਪਰਖੱਚੇ ਉੱਡ ਗਏ। ਛੋਟੇ ਹਾਥੀ ‘ਚ ਸਵਾਰ ਡਰਾਈਵਰ ਦੀ ਹਸਪਤਾਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਅਤੇ ਉਸ ਦੇ ਨਾਲ ਬੈਠੇ ਵਿਅਕਤੀ ਦੀਆਂ ਲੱਤਾਂ ਟੁੱਟ ਗਈਆਂ ਅਤੇ ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੈਫਰ ਕੀਤਾ ਗਿਆ ਅਤੇ ਛੋਟੇ ਹਾਥੀ ਵਿੱਚ ਸਵਾਰ ਦੁਧਾਰੂ 2 ਮੱਝਾਂ ਅਤੇ ਉਨ੍ਹਾਂ ਦੇ ਦੋ ਕੱਟਰੂ ਵੀ ਮੌਕੇ ਤੇ ਹੀ ਦਮ ਤੋੜ ਗਏ। ਦੱਸਣਯੋਗ ਹੈ ਕਿ ਟੈਂਪੂ ਤੇ ਬਲੈਰੋ ਦੀ ਟੱਕਰ ਹੋਣ ਉਪਰੰਤ ਪਿੱਛੇ ਤੋਂ ਆ ਰਹੇ ਟੈਂਪੂ ਵਿਚ ਇਕ ਸਵਿਫਟ ਕਾਰ ਆ ਕੇ ਵੱਜੀ, ਉਸ ਦਾ ਵੀ ਭਾਰੀ ਨੁਕਸਾਨ ਹੋ ਗਿਆ ਹੈ।

ਮ੍ਰਿਤਕ ਵਿਅਕਤੀ ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਸੜਕ ਹਾਦਸਾ ਐਨਾ ਭਿਆਨਕ ਸੀ ਕਿ ਦੂਰ ਦੂਰ ਤਕ ਛੋਟੇ ਹਾਥੀ ਦੇ ਪਰਖੱਚੇ ਉੱਡ ਗਏ। ਦਰਅਸਲ ਛੋਟੇ ਹਾਥੀ ਚ ਸਵਾਰ ਉਸ ਦਾ ਭਰਾ ਸੁਖਬੀਰ ਸਿੰਘ ਡਰਾਈਵਰ ਅਤੇ ਮੱਝਾਂ ਦਾ ਮਾਲਕ ਪਿੰਡ ਲੱਧਾਹੇੜੀ ਕੋਲ ਆ ਰਹੇ ਸੀ ਤਾਂ ਉੱਥੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਉਨ੍ਹਾਂ ਨੂੰ ਗ਼ਲਤ ਸਾਈਡ ਤੇ ਆ ਕੇ ਟੱਕਰ ਮਾਰ ਦਿੱਤੀ ਜਿਸ ਵਿੱਚ ਛੋਟਾ ਹਾਥੀ ਚਲਾ ਰਹੇ ਮੇਰੇ ਭਰਾ ਡਰਾਈਵਰ ਸੁਖਬੀਰ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ, ਮ੍ਰਿਤਕ ਸੁਖਬੀਰ ਸਿੰਘ ਪਿੰਡ ਲੱਧਾਹੇਡ਼ੀ ਦਾ ਹੀ ਰਹਿਣ ਵਾਲਾ ਸੀ। ਜਦੋਂਕਿ ਉਸ ਦੇ ਨਾਲ ਬੈਠੇ ਸਾਥੀ ਜੋਗਿੰਦਰ ਸਿੰਘ ਦੀਆਂ ਲੱਤਾਂ ਟੁੱਟ ਗਈਆਂ ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੈਫਰ ਕੀਤਾ ਗਿਆ। ਉਸ ਨੇ ਦੱਸਿਆ ਕਿ ਟੈਂਪੂ ਵਿੱਚ ਸਵਾਰ ਤਾਜ਼ੀਆਂ ਸੂਈਆਂ ਹੋਈਆਂ ਦੋ ਮੱਝਾਂ ਅਤੇ ਉਨ੍ਹਾਂ ਦੇ ਦੋ ਕੱਟਰੂ ਵੀ ਸਨ ਉਨ੍ਹਾਂ ਦੀ ਵੀ ਮੌਕੇ ‘ਤੇ ਮੌਤ ਹੋ ਗਈ।

ਇਸ ਸਬੰਧੀ ਜਦੋਂ ਪੁਲਿਸ ਚੌਂਕੀ ਗਲਵੱਟੀ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀਡ਼ਤ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਅਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਾਭਾ ਦੀ ਮੋਰਚਰੀ ਚ ਰਖਵਾਇਆ ਗਿਆ ਹੈ ।