MP ਪਰਨੀਤ ਕੌਰ ਨੇ ਦਿੱਤੇ ਕਾਂਗਰਸ ਛੱਡਣ ਦੇ ਸੰਕੇਤ, ਬਦਲੀ ਟਵਿੱਟਰ ‘ਤੇ ਪ੍ਰੋਫਾਈਲ ਫੋਟੋ

0
84

ਪਟਿਆਲਾ (tlt) ਸੰਸਦ ਮੈਂਬਰ ਪਰਨੀਤ ਕੌਰ ਨੇ ਕਾਂਗਰਸ ਛੱਡ ਕੇ ਆਪਣੇ ਪਤੀ ਕੈਪਟਨ ਅਮਰਿੰਦਰ ਦੀ ਨਵੀਂ ਗਠਿਤ ਪਾਰਟੀ ‘ਪੰਜਾਬ ਲੋਕ ਕਾਂਗਰਸ’ ਜੁਆਇਨ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ਦੀ ਡਿਸਪਲੇਅ ਪਿਕਚਰ (DP) ਤੋਂ ਕਾਂਗਰਸ ਸ਼ਬਦ ਹਟਾਉਂਦੇ ਹੋਏ ‘ਕੈਪਟਨ ਫਾਰ 2022’ ਲਿਖ ਦਿੱਤਾ ਹੈ। ਪਰਨੀਤ ਕੌਰ ਵੱਲੋਂ ਅਜਿਹਾ ਕਰਨਾ ਇਕ ਤਰ੍ਹਾਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੱਲੋਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਇਨਡਾਇਰੈਕਟ ਤਰੀਕੇ ਨਾਲ ਜਵਾਬ ਦੇਣਾ ਵੀ ਮੰਨਿਆ ਜਾ ਰਿਹਾ ਹੈ।

ਕੈਪਟਨ ਅਮਰਿੰਦਰ ਨੇ ਜਦੋਂ ਤੋਂ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਹੈ, ਪਰਨੀਤ ਕੌਰ ਨੇ ਕਾਂਗਰਸ ‘ਚ ਬਣੇ ਰਹਿਣ ਜਾਂ ਫਿਰ ਇਸ ਨੂੰ ਛੱਡਣ ਸਬੰਧੀ ਚੁੱਪ ਹੀ ਧਾਰੀ ਹੋਈ ਹੈ। ਇਸ ਦੌਰਾਨ ਹਾਲਾਂਕਿ ਉਹ ਪਟਿਆਲਾ ਦੇ ਕੌਂਸਲਰਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਨੂੰ ਮਿਲਣ ਉਨ੍ਹਾਂ ਦੇ ਸਿਸਵਾਂ ਫਾਰਮ ਹਾਊਸ ਜਾ ਚੁੱਕੀ ਹਨ। ਇਸ ਦੌਰੇ ‘ਚ ਕੌਂਸਲਰਾਂ ਨੇ ਕੈਪਟਨ ਦੇ ਹੱਕ ‘ਚ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਸੀ ਕਿ ਕੈਪਟਨ ਅੱਗੇ ਵਧੋ, ਅਸੀਂ ਤੁਹਾਡੇ ਨਾਲ ਹਾਂ। ਉਸ ਤੋਂ ਬਾਅਦ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਖਿਲਾਫ਼ ਕੌਂਸਲਰਾਂ ਦੇ ਅਵਿਸ਼ਵਾਸ ਪ੍ਰਸਤਾਵ ਸਬੰਧੀ ਮਾਮਲੇ ‘ਚ ਵੀ ਪਰਨੀਤ ਕੌਰ ਨੇ ਸੂਬਾ ਸਰਕਾਰ ਦੀ ਸਰਪ੍ਰਸਤੀ ਵਾਲੇ ਕੌਂਸਲਰਾਂ ਦੇ ਖ਼ੇਮੇ ਦੀ ਖ਼ਿਲਾਫ਼ਤ ਕੀਤੀ।

ਪਰਨੀਤ ਕੌਰ ਦੀਆਂ ਇਨ੍ਹਾਂ ਗਤੀਵਿਧੀਆਂ ਕਾਰਨ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਬੀਤੀ 24 ਨਵੰਬਰ ਨੂੰ ਉਨ੍ਹਾਂ ਨੋਟਿਸ ਜਾਰੀ ਕਰਦੇ ਹੋਏ ਕਿਹਾ ਸੀ ਕਿ ਸਪੱਸ਼ਟ ਕਰਨ ਕਿ ਉਹ ਮੀਡੀਆ ‘ਚ ਅਜਿਹੇ ਸੰਕੇਤ ਕਿਉਂ ਦੇ ਰਹੀ ਹਨ ਕਿ ਉਹ ਆਪਣੇ ਪਤੀ ਦੇ ਨਾਲ ਹਨ। ਹੁਣ ਪਰਨੀਤ ਵੱਲੋਂ ਆਪਣੇ ਟਵਿੱਟਰ ਅਕਾਊਂਟ ਤੋਂ ਕਾਂਗਰਸ ਸ਼ਬਦ ਹਟਾ ਕੇ ਕੈਪਟਨ ਫਾਰ 2022 ਲਿਖ ਕੇ ਸੰਸਦ ਮੈਂਬਰ ਵੱਲੋਂ ਇਕ ਤਰ੍ਹਾਂ ਨਾਲ ਹਰੀਸ਼ ਚੌਧਰੀ ਵੱਲੋਂ ਜਾਰੀ ਨੋਟਿਸ ਦਾ ਅਪ੍ਰਤੱਖ ਰੂਪ ‘ਚ ਜਵਾਬ ਦੇਣਾ ਮੰਨਿਆ ਜਾ ਰਿਹਾ ਹੈ।