ਜਲੰਧਰ ਪ੍ਰਸ਼ਾਸਨ ਵੱਲੋਂ ਰੇਤ ਦੀਆਂ ਵੱਧ ਕੀਮਤਾਂ ਵਸੂਲ ਕਰਨ ਦਾ ਪਰਦਾਫਾਸ਼ ਕਰਨ ਵਾਲਿਆਂ ਲਈ 25,000 ਰੁਪਏ ਦੇ ਇਨਾਮ ਦਾ ਐਲਾਨ

0
76
  • ਓਵਰਚਾਰਜਿੰਗ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ : ਡਿਪਟੀ ਕਮਿਸ਼ਨਰ
  • ਲੋਕਾਂ ਨੂੰ ਅਜਿਹੀਆਂ ਗੈਰ-ਕਾਨੂੰਨੀ ਕਾਰਵਾਈਆਂ ਸਬੰਧੀ ਸਿੱਧੇ ਤੌਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਟਸਐਪ ਨੰਬਰ 9501799068 ਰਾਹੀਂ ਸੂਚਨਾ ਦੇਣ ਦੀ ਕੀਤੀ ਅਪੀਲ

ਜਲੰਧਰ (ਰਮੇਸ਼ ਗਾਬਾ) ਲੋਕਾਂ ਨੂੰ ਨਿਰਧਾਰਿਤ ਦਰਾਂ ‘ਤੇ ਰੇਤ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ  ਘਨਸ਼ਿਆਮ ਥੋਰੀ ਵੱਲੋਂ ਅੱਜ ਜ਼ਿਲ੍ਹੇ ਵਿੱਚ ਰੇਤ ਦੀਆਂ ਨਿਰਧਾਰਿਤ ਦਰਾਂ ਤੋਂ ਵੱਧ ਕੀਮਤ ਵਸੂਲ ਕਰਨ ਦਾ ਪਰਦਾਫਾਸ਼ ਕਰਨ ਵਾਲੇ ਸਟਿੰਗਜ਼ ਲਈ 25,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।  ਥੋਰੀ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਕੋਈ ਰੇਤ ਦੀਆਂ ਤੈਅ ਕੀਮਤਾਂ ਤੋਂ ਵੱਧ ਵਸੂਲੀ ਕਰਦਾ ਪਾਇਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਇਸ ਗੈਰ-ਕਾਨੂੰਨੀ ਕਾਰਵਾਈ ਨੂੰ ਰੋਕਣ ਲਈ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਟਿੰਗ ਕਰਨ ਦੀ ਅਪੀਲ ਕੀਤੀ ਤਾਂ ਜੋ ਬਣਦੀ ਕਾਰਵਾਈ ਆਰੰਭੀ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨਾਮ ਸਿਰਫ਼ ਉਨ੍ਹਾਂ ਮਾਮਲਿਆਂ ਵਿੱਚ ਦਿੱਤਾ ਜਾਵੇਗਾ, ਜਿੱਥੇ ਅਜਿਹੇ ਸਟਿੰਗ ਵੀਡੀਓ ਸਬੂਤ ਦੇ ਆਧਾਰ ‘ਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾਵੇਗੀ।
ਸੂਬੇ ਦੀ ਨਵੀਂ ਸੈਂਡ ਐਂਡ ਗਰੈਵਲ ਪਾਲਿਸੀ ਨੂੰ ਇੰਨ-ਬਿੰਨ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲੋਕ ਪੱਖੀ ਪਹਿਲਕਦਮੀ ਦਾ ਲਾਭ ਲੋਕਾਂ ਤੱਕ ਤਾਂ ਹੀ ਪਹੁੰਚਾਇਆ ਜਾ ਸਕਦਾ ਹੈ ਜੇਕਰ ਸਾਰੇ ਭਾਗੀਦਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਝ ਦਿਨ ਪਹਿਲਾਂ ਨਿਰਧਾਰਤ ਕੀਤੀਆਂ ਰਿਟੇਲ ਕੀਮਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਉਨ੍ਹਾਂ ਸਪੱਸ਼ਟ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਮਤਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਲੋਕ ਓਵਰਚਾਰਜਿੰਗ ਸਬੰਧੀ ਆਪਣੇ ਵੱਲੋਂ ਰਿਕਾਰਡ ਕੀਤੀ ਵੀਡੀਓ ਅਗਲੇਰੀ ਕਾਰਵਾਈ ਲਈ ਵਟਸਐਪ ਨੰਬਰ 9501799068 ‘ਤੇ ਭੇਜ ਸਕਦੇ ਹਨ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ‘ਤੇ ਪ੍ਰਸ਼ਾਸਨ ਵੱਲੋਂ ਉੱਘੇ ਟਰਾਂਸਪੋਰਟਰਾਂ, ਮਾਈਨਿੰਗ ਠੇਕੇਦਾਰਾਂ, ਰਿਟੇਲਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ ਰੇਤ ਦੀਆਂ ਪ੍ਰਚੂਨ ਕੀਮਤਾਂ ਸਰਬਸੰਮਤੀ ਨਾਲ ਤੈਅ ਕੀਤੀਆਂ ਗਈਆਂ ਸਨ ।
ਸ਼੍ਰੀ ਥੋਰੀ ਨੇ ਅੱਗੇ ਦੱਸਿਆ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਲੰਧਰ ਸ਼ਹਿਰ ਦੇ ਮਿਊਂਸੀਪਲ ਏਰੀਏ ਵਿੱਚ ਰਿਟੇਲ ਆਊਟਲੈਟਾਂ ‘ਤੇ 15 ਰੁਪਏ ਪ੍ਰਤੀ ਕਿਊਬਿਕ ਫੁੱਟ (ਖਪਤਕਾਰਾਂ ਦੇ ਟਿਕਾਣੇ ਤੱਕ ਆਵਾਜਾਈ ਦੇ ਖਰਚਿਆਂ ਨੂੰ ਛੱਡ ਕੇ) ਦੇ ਹਿਸਾਬ ਨਾਲ ਰੇਤ ਉਪਲਬਧ ਕਰਵਾਈ ਜਾਵੇਗੀ। ਇਸੇ ਤਰ੍ਹਾਂ ਫਿਲੌਰ, ਨਕੋਦਰ, ਨੂਰਮਹਿਲ ਵਿੱਚ 11.5 ਰੁਪਏ, ਮਹਿਤਪੁਰ ਤੇ ਸ਼ਾਹਕੋਟ ਵਿੱਚ 11 ਰੁਪਏ, ਬਿਲਗਾ, ਲੋਹੀਆਂ ਵਿੱਚ 12 ਰੁਪਏ, ਗੁਰਾਇਆ ਅਤੇ ਕਰਤਾਰਪੁਰ (ਬਿਆਸ ਤੋਂ) ਵਿੱਚ 13 ਰੁਪਏ ਅਤੇ ਆਦਮਪੁਰ ਤੇ ਅਲਾਵਲਪੁਰ ਮਿਊਂਸੀਪਲ ਖੇਤਰਾਂ ਵਿੱਚ 15 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤ ਉਪਲਬਧ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਇਨ੍ਹਾਂ ਨਿਰਧਾਰਤ ਕੀਮਤਾਂ ਤੋਂ ਵੱਧ ਵਸੂਲੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਰਿਕਾਰਡ ਕੀਤੇ ਵੀਡੀਓ ਸਬੂਤਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਪ੍ਰਸ਼ਾਸਨ ਵੱਲੋਂ ਤੈਅ ਕੀਤੀਆਂ ਦਰਾਂ ਰਿਟੇਲ ਕਾਊਂਟਰਾਂ ਲਈ ਹਨ ਅਤੇ ਖਪਤਕਾਰਾਂ ਨੂੰ ਰੇਤ ਆਪਣੇ ਟਿਕਾਣਿਆਂ ‘ਤੇ ਪਹੁੰਚਾਉਣ ਲਈ ਆਵਾਜਾਈ ਦਾ ਖਰਚਾ ਸਹਿਣ ਕਰਨਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਸਰਕਾਰੀ ਦਰਾਂ ਨੂੰ ਜ਼ਮੀਨੀ ਪੱਧਰ ‘ਤੇ ਉਚਿਤ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਸਟਿੰਗ ਕਰਨ ਦੀ ਅਪੀਲ ਕੀਤੀ, ਜਿਵੇਂ ਕਿ ਕੋਵਿਡ-19 ਮਹਾਂਮਾਰੀ ਦੌਰਾਨ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਅਤੇ ਸਾਜ਼ੋ-ਸਾਮਾਨ ਦੀ ਕਾਲਾਬਾਜ਼ਾਰੀ ਅਤੇ ਓਵਰਚਾਰਜਿੰਗ ਨੂੰ ਰੋਕਣ ਲਈ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਕੋਵਿਡ-19 ਨਾਲ ਸਬੰਧਤ ਦਵਾਈਆਂ ਦੀ ਵੱਧ ਕੀਮਤ ਵਸੂਲ ਕਰਨ ਦੇ ਮਾਮਲੇ ਵਿੱਚ ਨਕਦ ਇਨਾਮ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਅਤੇ ਜਾਗਰੂਕ ਨਾਗਰਿਕਾਂ ਵੱਲੋਂ ਮੁਨਾਫਾਖੋਰੀ ਵਿਰੁੱਧ ਸਟਿੰਗ ਕੀਤੇ ਗਏ, ਜਿਸ ਸਦਕਾ ਦੁਕਾਨਦਾਰਾਂ ਨੂੰ ਅਜਿਹੀਆਂ ਦਵਾਈਆਂ ਅਤੇ ਉਪਕਰਣ ਨਿਰਧਾਰਿਤ ਦਰਾਂ ‘ਤੇ ਵੇਚਣ ਲਈ ਮਜਬੂਰ ਹੋਣਾ ਪਿਆ।