ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ ਏਸ਼ੀਆ ਦੇ ਸਭ ਤੋਂ ਵੱਡੇ ਏਅਰਪੋਰਟ ਦਾ ਉਦਘਾਟਨ, ਵਿਧਾਨਸਭਾ ਚੋਣਾਂ ਤੋਂ ਪਹਿਲਾਂ ਦਿੱਤਾ ਤੋਹਫ਼ਾ

0
49

ਨਵੀਂ ਦਿੱਲੀ (tlt) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਜੇਵਰ ਦਾ ਨੀਂਹ ਪੱਥਰ ਰੱਖਣਗੇ, ਜੋ ਉੱਤਰ ਪ੍ਰਦੇਸ਼ ਦੇ ਉਦਯੋਗਿਕ, ਆਰਥਿਕ ਅਤੇ ਸੈਰ-ਸਪਾਟਾ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ। ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ ਦੇ ਜੇਵਰ ਵਿਖੇ 5845 ਹੈਕਟੇਅਰ ਜ਼ਮੀਨ ‘ਤੇ ਬਣਨ ਜਾ ਰਿਹਾ ਇਹ ਹਵਾਈ ਅੱਡਾ 29,650 ਕਰੋੜ ਰੁਪਏ ਦੀ ਲਾਗਤ ਨਾਲ ਏਸ਼ੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦੀ ਮੌਜੂਦਗੀ ਵਿਚ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਣ ਦਾ ਪਹਿਲਾ ਪੜਾਅ 2023-24 ਵਿਚ ਪੂਰਾ ਕੀਤਾ ਜਾਵੇਗਾ। ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ‘ਤੇ ਲਗਪਗ 8,914 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਸਾਲਾਨਾ 12 ਮਿਲੀਅਨ ਯਾਤਰੀਆਂ ਨੂੰ ਸੰਭਾਲਿਆ ਜਾਵੇਗਾ। ਸ਼ੁਰੂਆਤ ‘ਚ ਜੇਵਰ ਹਵਾਈ ਅੱਡੇ ‘ਤੇ ਦੋ ਹਵਾਈ ਪੱਟੀਆਂ ਚਾਲੂ ਹੋਣਗੀਆਂ। ਇਸ ਹਵਾਈ ਅੱਡੇ ਦੇ ਵਿਕਾਸ ਦਾ ਠੇਕਾ ਜ਼ਿਊਰਿਕ ਏਅਰਪੋਰਟ ਇੰਟਰਨੈਸ਼ਨਲ ਨੂੰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ‘ਤੇ ਕਿਹਾ ਕਿ 25 ਨਵੰਬਰ ਭਾਰਤ ਅਤੇ ਉੱਤਰ ਪ੍ਰਦੇਸ਼ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਇਕ ਪ੍ਰਮੁੱਖ ਦਿਨ ਹੈ। ਦੁਪਹਿਰ 1 ਵਜੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਹ ਪ੍ਰੋਜੈਕਟ ਵਣਜ, ਸੰਪਰਕ ਅਤੇ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਦੇਵੇਗਾ। ਪੀਐਮਓ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜੇਵਰ ਹਵਾਈ ਅੱਡਾ ਉੱਤਰੀ ਭਾਰਤ ਲਈ ਇਕ ਗੇਟਵੇ ਸਾਬਤ ਹੋਵੇਗਾ ਅਤੇ ਉੱਤਰ ਪ੍ਰਦੇਸ਼ ਦਾ ਚਿਹਰਾ ਬਦਲ ਦੇਵੇਗਾ।

ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੌਤਮ ਬੁੱਧ ਨਗਰ ਦੇ ਜੇਵਰ ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਹਵਾਈ ਅੱਡੇ ‘ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ’ ਦਾ ਨੀਂਹ ਪੱਥਰ ਰੱਖਣਗੇ। ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਹ ਹਵਾਈ ਅੱਡਾ ਬਹੁ-ਆਯਾਮੀ ਵਿਕਾਸ ਨੂੰ ਨਵੀਂ ਉਡਾਣ ਪ੍ਰਦਾਨ ਕਰੇਗਾ ਅਤੇ ਵੱਡੇ ਪੱਧਰ ‘ਤੇ ਰੁਜ਼ਗਾਰ ਪੈਦਾ ਕਰਨ ਦਾ ਮਾਧਿਅਮ ਵੀ ਬਣੇਗਾ।

ਜੇਵਰ ਹਵਾਈ ਅੱਡਾ ਦਿੱਲੀ-ਐਨਸੀਆਰ ਖੇਤਰ ਵਿਚ ਦੂਜਾ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ। ਇਸ ਦੇ ਤਿਆਰ ਹੋਣ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੋਡ ਘੱਟ ਹੋ ਜਾਵੇਗਾ। ਜੇਵਰ ਹਵਾਈ ਅੱਡਾ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਉਦਯੋਗਿਕ ਗਤੀਵਿਧੀਆਂ ਅਤੇ ਸੇਵਾ ਖੇਤਰ ਦਾ ਇਕ ਪ੍ਰਮੁੱਖ ਕੇਂਦਰ ਬਣ ਜਾਵੇਗਾ। ਇਹ ਹਵਾਈ ਅੱਡਾ ਨੋਇਡਾ, ਗਾਜ਼ੀਆਬਾਦ, ਅਲੀਗੜ੍ਹ, ਬੁਲੰਦਸ਼ਹਿਰ, ਆਗਰਾ, ਮਥੁਰਾ ਅਤੇ ਹਰਿਆਣਾ ਦੇ ਫਰੀਦਾਬਾਦ, ਪਲਵਲ ਅਤੇ ਵੱਲਭਗੜ੍ਹ ਵਰਗੇ ਸ਼ਹਿਰਾਂ ਸਮੇਤ ਪੱਛਮੀ ਯੂਪੀ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰੇਗਾ।