ਸਹੁਰਿਆਂ ਦੇ 14 ਲੱਖ ਲਵਾ ਕੇ ਕੈਨੇਡਾ ਗਈ ਮੰਗੇਤਰ ਵਿਆਹ ਤੋਂ ਮੁੱਕਰੀ, ਪਰੇਸਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

0
62
ਸਹੁਰਿਆਂ ਦੇ 14 ਲੱਖ ਲਵਾ ਕੇ ਕੈਨੇਡਾ ਗਈ ਮੰਗੇਤਰ ਵਿਆਹ ਤੋਂ ਮੁੱਕਰੀ, ਪਰੇਸਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਹੁਸ਼ਿਆਰਪੁਰ TLT/ ਇਕ ਹੋਰ ਨੌਜਵਾਨ ਨੇ ਵਿਦੇਸ਼ ’ਚ ਜਾ ਕੇ ਸੈਟਲ ਹੋਈ ਲੜਕੀ ਵੱਲੋਂ ਧੋਖਾ ਦਿੱਤੇ ਜਾਣ ਕਾਰਨ ਖੁਦਕੁਸ਼ੀ ਕਰ ਲਈ। ਲੜਕੇ ਦੇ ਪਰਿਵਾਰ ਵਾਲਿਆਂ ਨੇ ਪੁੱਤਰ ਦੀ ਮੰਗੇਤਰ ਨੂੰ ਇਸ ਲਈ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ ਕਿ ਵਿਦੇਸ਼ ਜਾਣ ਤੋਂ ਬਾਅਦ ਲੜਕੀ ਸੈਟਲ ਹੋਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੂੰ ਉਥੇ ਬੁਲਾ ਲਵੇਗੀ ਪਰ ਵਿਦੇਸ਼ ਜਾਂਦੇ ਹੀ ਲੜਕੀ ਨੇ ਨੌਜਵਾਨ ਨੂੰ ਧੋਖਾ ਦੇ ਦਿੱਤਾ ਅਤੇ ਇਸੇ ਧੋਖੇ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ।

ਮਾਮਲਾ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਸਤੌਰ ਦਾ ਹੈ। ਮਰਨ ਵਾਲੇ ਦੀ ਪਛਾਣ ਸੁਖਰਾਜ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਰੂਪ ਵਿਚ ਹੋਈ ਹੈ। ਮਿ੍ਰਤਕ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ। ਵੱਡਾ ਪੁੱਤਰ ਸੁਖਰਾਜ ਸਿੰਘ ਜਿਸ ਨੇ ਡਿਪਲੋਮਾ ਕੀਤਾ ਸੀ, ਲਈ ਪਿੰਡ ਦੀ ਇਕ ਔਰਤ ਰਾਣੀ ਆਪਣੀ ਭਾਣਜੀ ਜੋ ਕਿ ਮੁਹੱਲਾ ਬਹਾਦਰਪੁਰ ਦੀ ਰਹਿਣ ਵਾਲੀ ਸੀ, ਦਾ ਰਿਸ਼ਤਾ ਲੈ ਕੇ ਆਈ। ਰਿਸ਼ਤਾ ਉਸ ਦੀ ਭੈਣ ਦੀ ਧੀ ਅਮਨਪ੍ਰੀਤ ਦਾ ਸੀ ਜੋ ਪਲੱਸ ਟੂ ਪਾਸ ਸੀ ਅਤੇ ਆਈਲੈੱਟਸ ਕਰ ਰਹੀ ਸੀ। ਰਾਣੀ ਨੇ ਦੱਸਿਆ ਕਿ ਲੜਕੀ ਦੇ ਆਈਲੈੱਟਸ ਵਿਚ 6.5 ਬੈਂਡ ਆਏ ਹਨ।ਮਈ 2019 ਨੂੰ ਉਨ੍ਹਾਂ ਦੇ ਪੁੱਤਰ ਸੁਖਰਾਜ ਸਿੰਘ ਤੇ ਅਮਨਪ੍ਰੀਤ ਦੀ ਮੰਗਣੀ ਕਰਵਾ ਦਿੱਤੀ। ਮੰਗਣੀ ਕਰਵਾਉਣ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਧੋਖੇ ਨਾਲ ਇਹ ਕਹਿ ਕੇ ਜਾਲ ਵਿਚ ਫਸਾ ਲਿਆ ਕਿ ਲੜਕੀ ਦੇ ਕੈਨੇਡਾ ਜਾਣ ਦੇ ਸਾਰੇ ਕਾਗਜ਼ ਤਿਆਰ ਹਨ, ਉਨ੍ਹਾਂ ਕੁਝ ਪੈਸੇ ਖਰਚ ਕਰ ਦਿੱਤੇ ਹਨ, ਸਿਰਫ 12 ਤੋਂ 14 ਲੱਖ ਰੁਪਏ ਘਟ ਰਹੇ ਹਨ, ਉਹ ਪੈਸੇ ਖਰਚ ਕਰ ਦੇਣ। ਜਦੋਂ ਬੇਟੀ ਵਿਦੇਸ਼ ਚਲੀ ਜਾਵੇਗੀ ਤਾਂ ਪੱਕੀ ਹੋਣ ’ਤੇ ਉਹ ਸੁਖਰਾਜ ਨੂੰ ਕੈੇਨੇਡਾ ਬੁਲਾ ਲਵੇਗੀ। ਉਨ੍ਹਾਂ ਕਰਜ਼ਾ ਚੁੱਕ ਕੇ ਅਮਨਪ੍ਰੀਤ ਨੂੰ ਕੈਨੇਡਾ ਭੇਜ ਦਿੱਤਾ।ਕੈਨੇਡਾ ਪਹੁੰਚਣ ਤੋਂ ਬਾਅਦ ਅਮਨਪ੍ਰੀਤ ਨੇ ਸੁਖਰਾਜ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਜਿਸ ਕਾਰਨ ਸੁਖਰਾਜ ਪਰੇਸ਼ਾਨ ਰਹਿਣ ਲੱਗਾ। ਇਸੇ ਦੌਰਾਨ ਅਮਨਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਰਿਸ਼ਤਾ ਕਰਨੋਂ ਮਨ੍ਹਾਂ ਕਰ ਦਿੱਤਾ। ਇਸ ਤੋਂ ਪਰੇਸ਼ਾਨ ਹੋ ਕੇ ਸੁਖਰਾਜ ਨੇ ਖੇਤਾਂ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇਸ ਮਾਮਲੇ ’ਚ ਅਮਨਪ੍ਰੀਤ ਦੀ ਮਾਸੀ ਰਾਣੀ ਨੂੰ ਹਿਰਾਸਤ ਵਿਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।