ਮੁੱਖ ਮੰਤਰੀ ਨੇ ਪੰਜਾਬ ਫਿਲਮ ਸਿਟੀ ਦਾ ਰੱਖਿਆ ਨੀਂਹ ਪੱਥਰ, ਪੰਜਾਬ ਸਰਕਾਰ ਵੱਲੋਂ ਸੂਬੇ ’ਚ ਜਲਦ ਬਣਾਈ ਜਾਵੇਗੀ ਵੱਡੀ ਫਿਲਮ ਸਿਟੀ

0
57

ਫ਼ਤਹਿਗੜ੍ਹ ਸਾਹਿਬ (TLT) ਫਤਹਿਗੜ੍ਹ ਸਾਹਿਬ ਦੇ ਪਿੰਡ ਮੁਕਾਰੋਂਪੁਰ ਵਿਖੇ ਪੰਜਾਬ ਫਿਲਮ ਸਿਟੀ ਦਾ ਨੀਂਹ ਪੱਥਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰੱਖਿਆ। ਇਸ ਦੌਰਾਨ ਪੰਜਾਬੀ ਫਿਲਮ ਇੰਡਸਟਰੀ ਦੀਆਂ ਕਈ ਨਾਮੀ ਸ਼ਖਸੀਅਤਾਂ ਪਹੁੰਚੀਆਂ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ’ਚ ਆਉਣ ਵਾਲੇ ਸਮੇਂ ’ਚ ਪੰਜਾਬ ਸਰਕਾਰ ਵੱਲੋਂ ਵੱਡੀ ਫਿਲਮ ਸਿਟੀ ਬਣਾਈ ਜਾਵੇਗੀ ਤਾਂ ਜੋ ਅਦਾਕਾਰਾਂ ਨੂੰ ਫਿਲਮ ਜਗਤ ’ਚ ਕਿਸੇ ਕਿਸਮ ’ਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਉਪ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਫਿਲਮੀ ਅਦਾਕਾਰਾਂ ਤੇ ਕਲਾਕਾਰਾਂ ਨੇ ਗਾਣਿਆਂ ’ਚ ਹਥਿਆਰਾਂ ਨੂੰ ਪ੍ਰਮੋਟ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅਦਾਕਾਰਾਂ ਨੂੰ ਭਰੋਸਾ ਦਿਵਾਇਆ ਕਿ ਜੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ’ਚ ਲਿਆਉਣ ਜਿਸ ਦਾ ਹੱਲ ਕੀਤਾ ਜਾਵੇਗਾ।ਫਿਲਮੀ ਅਦਾਕਾਰਾ ਉਪਾਸਨਾ ਸਿੰਘ ਨੇ ਪੰਜਾਬ ’ਚ ਫਿਲਮ ਸਿਟੀ ਬਣਨ ’ਤੇ ਖੁਸ਼ੀ ਜ਼ਾਹਰ ਕੀਤੀ ਅਤੇ ਪੰਜਾਬੀ ਫਿਲਮਾਂ ਲਈ ਸਬਸਿਡੀ ਦੀ ਮੰਗ ਵੀ ਕੀਤੀ। ਫਿਲਮੀ ਅਦਾਕਾਰ ਉਪਾਸਨਾ ਸਿੰਘ, ਗੁਰਪ੍ਰੀਤ ਸਿੰਘ ਘੁੱਗੀ ਤੇ ਜਪੁਜੀ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਹੋਰਨਾਂ ਸੂਬਿਆਂ ਅੰਦਰ ਫਿਲਮ ਸਿਟੀਆਂ ਬਣੀਆਂ ਹੋਈਆਂ ਹਨ, ਉਸੇ ਤਰ੍ਹਾਂ ਪੰਜਾਬ ਅੰਦਰ ਵੀ ਅਜਿਹੀ ਫਿਲਮ ਸਿਟੀ ਬਣਨ ਨਾਲ ਫਾਇਦਾ ਹੋਵੇਗਾ। ਸਰਕਾਰ ਨੂੰ ਪੰਜਾਬੀ ਫਿਲਮ ’ਤੇ ਸਬਸਿਡੀ ਵੀ ਦੇਣੀ ਚਾਹੀਦੀ ਹੈ ਜਿਸ ਨਾਲ ਇੰਡਸਟਰੀ ਹੋਰ ਤਰੱਕੀ ਕਰ ਸਕੇ। ਉਪਾਸਨਾ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੀਆਂ ਦੋ ਫਿਲਮਾਂ ‘ਬਾਈ ਜੀ ਕੁੱਟਣਗੇ’ ਅਤੇ ‘ਯਾਰਾਂ ਦੀਆਂ ਪੌ ਬਾਰਾਂ’ ਆ ਰਹੀਆਂ ਹਨ। ਉਨ੍ਹਾਂ ਦਾ ਬੇਟਾ ਨਾਨਕ ਵੀ ਆਪਣੀ ਇਸ ਪਹਿਲੀ ਫਿਲਮ ’ਚ ਰੋਲ ਕਰੇਗਾ। ਉਨ੍ਹਾਂ ਅੱਜ ਦੇ ਸਮੇਂ ’ਚ ਪੰਜਾਬੀ ਮਾਂ ਬੋਲੀ ਨੂੰ ਵਿਸਾਰਨ ਵਾਲਿਆਂ ਨੂੰ ਸਬਕ ਦਿੰਦਿਆਂ ਕਿਹਾ ਕਿ ਇਹ ਛੋਟਾਪਣ ਹੈ। ਉਹ ਖੁਦ ਦੇਖਦੇ ਹਨ ਕਿ ਵਧੇਰੇ ਲੋਕ ਪੰਜਾਬੀ ਦੀ ਥਾਂ ਹਿੰਦੀ ’ਚ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ। ਜਿਹੜੇ ਲੋਕ ਆਪਣੀ ਮਾਂ ਬੋਲੀ ਨੂੰ ਪਿਆਰ ਨਹੀਂ ਕਰ ਸਕਦੇ, ਉਨ੍ਹਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ।

ਇਸ ਮੌਕੇ ਫ਼ਿਲਮ ਸਿਟੀ ਦੇ ਐੱਮਡੀ ਇਕਬਾਲ ਸਿੰਘ ਚੀਮਾ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਫ਼ਿਲਮ ਸਿਟੀ ਬਣਨ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉੱਥੇ ਇਹ ਇਲਾਕੇ ਦੀ ਤਰੱਕੀ ਵੀ ਹੋਵੇਗੀ। ਪੰਜਾਬ ਫਿਲਮ ਸਿਟੀ ਤਿੰਨ ਪੜਾਵਾਂ ’ਚ ਅੱਗੇ ਵਧੇਗੀ, ਜਿਸ ਦਾ ਪਹਿਲਾ ਪੜਾਅ 10 ਤੋਂ 15 ਏਕੜ ਜ਼ਮੀਨ ’ਚ ਹੋਵੇਗਾ ਤੇ ਦੂਜਾ ਪੜਾਅ 5 ਗੁਣਾ ਵੱਡਾ ਹੋਵੇਗਾ। ਇਸ ਤੋਂ ਇਲਾਵਾ ਉਦਯੋਗ ਦੀ ਰਿਸਪਾਂਸ ’ਤੇ ਡਿਮਾਂਡ ਨੂੰ ਧਿਆਨ ’ਚ ਰੱਖਦਿਆਂ ਬਣਾਇਆ ਜਾਵੇਗਾ।