ਬਿਨਾ ਮਹਿਰਮ ਇਕੱਠੇ ਹੱਜ ’ਤੇ ਜਾ ਸਕਣਗੀਆਂ ਚਾਰ ਔਰਤਾਂ, ਗਰਭਵਤੀ ਮਹਿਲਾਵਾਂ ਨੂੰ ਹੱਜ ਕਰਨ ਦੀ ਨਹੀਂ ਮਿਲੇਗੀ ਇਜਾਜ਼ਤ

0
61

ਕਾਨਪੁਰ (TLT) ਹੁਣ ਬਗ਼ੈਰ ਮਹਿਰਮ (ਅਜਿਹੇ ਮਰਦ ਰਿਸ਼ਤੇਦਾਰ, ਜਿਨ੍ਹਾਂ ਨਾਲ ਮੁਸਲਿਮ ਮਹਿਲਾ ਦਾ ਨਿਕਾਹ ਜਾਇਜ਼ ਨਾ ਹੋਵੇ) ਦੇ ਚਾਰ ਮਹਿਲਾਵਾਂ ਇਕੱਠੀਆਂ ਹੱਜ ’ਤੇ ਜਾ ਸਕਣਗੀਆਂ। ਹੁਣ ਤਕ ਸਰਪ੍ਰਸਤ ਦੇ ਤੌਰ ’ਤੇ ਕਿਸੇ ਇਕ ਮਹਿਰਮ ਨੂੰ ਲੈ ਕੇ ਜਾਣਾ ਜ਼ਰੂਰੀ ਸੀ। ਅਰਜ਼ੀ ਦੇਣ ਵਾਲੀਆਂ ਮਹਿਲਾਵਾਂ ’ਚ ਚਾਰ-ਚਾਰ ਮਹਿਲਾਵਾਂ ਦਾ ਸਮੂਹ ਬਣਾਇਆ ਜਾਵੇਗਾ। ਅਜਿਹੀਆਂ ਮਹਿਲਾਵਾਂ ਦੀ ਉਮਰ 45 ਤੋਂ 65 ਸਾਲ ਤੈਅ ਕੀਤੀ ਗਈ ਹੈ। 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਤੇ ਗਰਭਵਤੀ ਮਹਿਲਾ ਦੇ ਹੱਜ ’ਤੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਸਾਊਦੀ ਅਰਬ ਨੇ ਸਾਲ 2018 ’ਚ ਇਸ ਵਿਵਸਥਾ ’ਚ ਬਦਲਾਅ ਕੀਤਾ ਤਾਂ ਇੱਥੇ ਵੀ ਸਰਕਾਰ ਨੇ ਹੱਜ ਨਿਯਮਾਵਲੀ ’ਚ ਬਦਲਾਅ ਕਰ ਦਿੱਤੇ ਹਨ। ਹੁਣ ਲੋਕਾਂ ਨੂੰ ਇਸ ਦਾ ਲਾਭ ਇਸ ਲਈ ਮਿਲੇਗਾ, ਕਿਉਂਕਿ ਇਸ ਤੋਂ ਪਹਿਲਾਂ ਕੋਰੋਨਾ ਕਾਲ ਕਾਰਨ ਹੱਜ ਯਾਤਰਾ ਨਹੀਂ ਹੋ ਸਕੀ ਸੀ। ਹਾਲਾਂਕਿ ਬਦਲੀ ਵਿਵਸਥਾ ’ਚ ਹੱਜ ’ਤੇ ਜਾਣ ਲਈ ਕੋਰੋਨਾ ਰੋਕੂ ਵੈਕਸੀਨ ਦੀਆਂ ਦੋ ਖ਼ੁਰਾਕਾਂ ਲਗਵਾਉਣਾ ਤੇ ਪ੍ਰਮਾਣ ਪੱਤਰ ਹੋਣਾ ਜ਼ਰੂਰੀ ਹੈ। ਹੱਜ-2022 ਲਈ ਆਨਲਾਈਨ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ। ਫਾਰਮ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 31 ਜਨਵਰੀ, 2022 ਤਕ ਹੈ। ਦੋ ਸਾਲਾਂ ਤੋਂ ਕੋਰੋਨਾ ਇਨਫੈਕਸ਼ਨ ਕਾਰਨ ਭਾਰਤ ਤੋਂ ਅਕੀਦਤਮੰਦ ਹੱਜ ਨਹੀਂ ਜਾ ਸਕੇ ਹਨ। ਇਨਫੈਕਸ਼ਨ ਘੱਟ ਹੋਣ ਤੋਂ ਅਗਲੇ ਸਾਲ ਹੱਜ ਯਾਤਰਾ ਦੀ ਉਮੀਦ ਵਧੀ ਹੈ। ਹੱਜ ਕਮੇਟੀ ਆਫ ਇੰਡੀਆ ਨੇ ਕੋਰੋਨਾ ਪ੍ਰੋਟੋਕਾਲ ਬਾਰੇ ਬਣਾਏ ਏ ਨਵੇਂ ਨਿਯਮਾਂ ਮੁਤਾਬਕ ਹੱਜ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਰਜ਼ੀ ਫਾਰਮ ਹੱਜ ਕਮੇਟੀ ਆਫ ਇੰਡੀਆ ਦੀ ਵੈਬਸਾਈਟ \\Rhajcommittee.gov.in ਸਮੇਤ ਮੋਬਾਈਲ ਫੋਨ ’ਤੇ ਹੱਜ ਕਮੇਟੀ ਆਫ ਇੰਡੀਆ ਦੇ ਹੱਜ ਐਪ ’ਤੇ ਭਰੇ ਜਾ ਸਕਦੇ ਹਨ। ਹੱਜ ਲਈ ਈ-ਸਹੂਲਤ ਕੇਂਦਰ ਤੋਂ ਵੀ ਅਪਲਾਈ ਕੀਤਾ ਜਾ ਸਕਦਾ ਹੈ। ਹੱਜ ਯਾਤਰਾ 36 ਤੋਂ 42 ਦਿਨ ਦੀ ਹੋਵੇਗੀ।