CM ਚੰਨੀ ਨੇ 81 ਕਰੋੜ ਦੇ ਨਹਿਰੀ ਪ੍ਰੋਜੈਕਟ ਦਾ ਕੀਤਾ ਉਦਘਾਟਨ

0
71

ਜਲੰਧਰ (TLT) ਸੋਮਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਦਮਪੁਰ ਵਿਚ ਸ਼ਹਿਰੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਅਹਿਮ ਮੰਨੇ ਜਾਂਦੇ ਨਹਿਰੀ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ‘ਤੇ 81 ਕਰੋੜ ਰੁਪਏ ਤੋਂ ਵੱਧ ਖਰਚ ਆਉਣ ਦੀ ਉਮੀਦ ਹੈ। ਇੱਥੋਂ ਜਲੰਧਰ ਸ਼ਹਿਰ ਦੇ ਡੇਢ ਲੱਖ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਆਦਮਪੁਰ ਵਿਚ ਇਕ ਕੈਨਾਲ ਗੈਸਟ ਹਾਊਸ ਵੀ ਬਣਾਇਆ ਜਾਵੇਗਾ। ਇਹ ਪ੍ਰਾਜੈਕਟ 150 ਤੋਂ ਵੱਧ ਕਲੋਨੀਆਂ ਤੇ ਖੇਤਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕਰੇਗਾ। ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇਪੀ ਵੀ ਮੌਜੂਦ ਸਨ। ਇਸ ਤੋਂ ਆਲੇ-ਦੁਆਲੇ ਦੇ ਲੋਕਾਂ ਨੂੰ ਹੋਰ ਵੀ ਕਈ ਲਾਭ ਮਿਲਣਗੇ। ਇਸ ਤੋਂ ਪਹਿਲਾਂ ਉਨ੍ਹਾਂ ਆਦਮਪੁਰ ਬੱਸ ਸਟੈਂਡ ਦੇ ਪੁਨਰ ਨਿਰਮਾਣ ਦੇ ਪ੍ਰਾਜੈਕਟ ਦਾ ਉਦਘਾਟਨ ਵੀ ਕੀਤਾ।

81 ਕਰੋੜ ਦੇ ਨਹਿਰੀ ਪ੍ਰਾਜੈਕਟ ਤੋਂ ਜਲੰਧਰ ਸ਼ਹਿਰ ਦੇ ਲੋਕਾਂ ਨੂੰ ਪਾਣੀ ਦੀ ਸਪਲਾਈ ਵੀ ਦਿੱਤੀ ਜਾਵੇਗੀ। ਸਾਲ 2012 ਤੋਂ ਸਰਕਾਰ ਵੱਲੋਂ ਇਸ ਪ੍ਰਾਜੈਕਟ ਨੂੰ ਲੈ ਕੇ ਕਵਾਇਦ ਚੱਲ ਰਹੀ ਸੀ ਪਰ ਇਹ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਰਿਹਾ ਸੀ। ਇਹ ਪ੍ਰੋਜੈਕਟ ਪੀਣ ਵਾਲੇ ਸਾਫ਼ ਪਾਣੀ ਲਈ ਤਿਆਰ ਕੀਤਾ ਗਿਆ ਹੈ। ਪ੍ਰਾਜੈਕਟ ਨੂੰ ਤਿਆਰ ਕਰਨ ਦਾ ਮਕਸਦ ਜਲੰਧਰ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣਾ ਵੀ ਹੈ। ਪਿਛਲੇ 25 ਸਾਲਾਂ ਤੋਂ ਜਲੰਧਰ ਸ਼ਹਿਰ ਵਿੱਚ ਟਿਊਬਵੈੱਲਾਂ ਰਾਹੀਂ ਪਾਣੀ ਦੀ ਸਪਲਾਈ ਹੋ ਰਹੀ ਹੈ। ਟਿਊਬਵੈੱਲਾਂ ਰਾਹੀਂ ਜ਼ਮੀਨ ‘ਚੋਂ ਪਾਣੀ ਕੱਢ ਕੇ ਖੇਤੀ ਲਈ ਵਰਤਿਆ ਜਾ ਰਿਹਾ ਹੈ। ਇਸ ਕਾਰਨ ਹੁਣ ਜਲੰਧਰ ਪੰਜਾਬ ਉਨ੍ਹਾਂ ਸ਼ਹਿਰਾਂ ਵਿੱਚ ਸ਼ਾਮਲ ਹੋ ਗਿਆ ਹੈ ਜੋ ਡਾਰਕ ਜ਼ੋਨ ਵਿਚ ਹਨ।