ਗੁਰਪੁਰਬ ਤੋਂ ਪਹਿਲਾਂ ਖੁੱਲ੍ਹ ਸਕਦੈ ਕਰਤਾਰਪੁਰ ਲਾਂਘਾ! ਪੰਜਾਬ ਭਾਜਪਾ ਦੇ ਆਗੂਆਂ ਨੂੰ ਮਿਲਿਆ ਪ੍ਰਧਾਨ ਮੰਤਰੀ ਦਾ ਭਰੋਸਾ

0
62

ਚੰਡੀਗਡ਼੍ਹ (TLT) ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰਿਆਂ ਲਈ ਲਾਂਘਾ ਖੋਲ੍ਹਣ ਦੀ ਮੰਗ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ’ਚ ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ ਖੋਲ੍ਹਿਆ ਜਾਵੇ। ਮੁਲਾਕਾਤ ਤੋਂ ਬਾਅਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਮੰਗ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਿਆ ਹੈ ਤੇ ਭਰੋਸਾ ਦਿੱਤਾ ਹੈ ਕਿ ਇਸ ’ਤੇ ਵਿਚਾਰ ਕਰ ਤੇ ਛੇਤੀ ਹੀ ਮੰਗ ਨੂੰ ਪੂਰਿਆਂ ਕੀਤਾ ਜਾਵੇਗਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਦੀ ਦਾ ਪ੍ਰਕਾਸ਼ ਪੁਰਬ ਹੈ ਤੇ ਨਾਨਕ ਨਾਮ ਲੇਵਾ ਸੰਗਤ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਮੰਗ ਕਰ ਰਹੀ ਹੈ। ਕੇਂਦਰ ’ਚ ਕਾਂਗਰਸ ਜਦੋਂ ਤਕ ਸੱਤਾ ’ਚ ਰਹੀ ਉਦੋਂ ਤਕ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ਼ ਨੂੰ ਅਣਦੇਖਿਆਂ ਕੀਤਾ। 2014 ’ਚ ਕੇਂਦਰ ’ਚ ਭਾਜਪਾ ਸਰਕਾਰ ਬਣਨ ਪਿੱਛੋਂ ਇਸ ਦਿਸ਼ਾ ’ਚ ਯਤਨ ਸ਼ੁਰੂ ਹੋਏ। ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ, ਪੰਜਾਬੀਅਤ ਤੇ ਸਿੱਖਾਂ ਪ੍ਰਤੀ ਵਿਸ਼ੇਸ਼ ਲਗਾਅ ਰਿਹਾ ਹੈ ਤੇ ਉਨ੍ਹਾਂ ਨੇ ਹੀ ਕਰਤਾਰਪੁਰ ਲਾਂਘੇ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ। 9 ਨਵੰਬਰ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕੇਂਦਰ ਸਰਕਾਰ ਨੇ ਲਾਂਘਾ ਖੋਲ੍ਹ ਦਿੱਤਾ ਸੀ ਪਰ ਬਾਅਦ ’ਚ ਕੋਵਿਡ ਕਾਰਨ ਇਸ ਨੂੰ ਬੰਦ ਕਰਨਾ ਪਿਆ। ਕਰੀਬ ਡੇਢ ਸਾਲ ਤੋਂ ਸੰਗਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਨਹੀਂ ਜਾ ਪਾ ਰਹੀ ਹੈ।

ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਵਿਸ਼ੇਸ਼ ਸਬੰਧ’ ਕਿਤਾਬ ਵੀ ਭੇਟ ਕੀਤੀ। ਇਹ ਕਿਤਾਬ ਪੰਜਾਬ ਭਾਜਪਾ ਵੱਲੋਂ ਹਰ ਵਿਧਾਨ ਸਭਾ ਹਲਕੇ ’ਚ 150 ਤੋਂ 200 ਪ੍ਰਮੁੱਖ ਲੋਕਾਂ ਨੂੰ ਭੇਟ ਕੀਤੀ ਜਾ ਰਹੀ ਹੈ। ਇਸ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਨਾਲ ਜੁਡ਼ਾਅ ਨੂੰ ਦੱਸਿਆ ਗਿਆ ਹੈ।