ਪਿਤਾ ਦੀ ਮੌਤ ਤੋਂ ਬਾਅਦ ਜਾਇਦਾਦ ਲਈ ਮਤਰੇਈ ਮਾਂ ‘ਤੇ ਹਮਲਾ, ਬੁਰੀ ਤਰ੍ਹਾਂ ਕੁੱਟਿਆ, ਕੱਪੜੇ ਪਾੜੇ

0
75

ਲੁਧਿਆਣਾ (tlt) ਜਾਇਦਾਦ ਹਾਸਲ ਕਰਨ ਲਈ ਪੁੱਤਰਾਂ ਤੇ ਨੂੰਹ ਨੇ ਮਤਰੇਈ ਮਾਂ ਉੱਪਰ ਹਮਲਾ ਕਰ ਦਿੱਤਾ। ਬਜ਼ੁਰਗ ਔਰਤ ਦੀ ਕੁੱਟਮਾਰ ਕਰਦਿਆਂ ਉਨ੍ਹਾਂ ਉਸ ਦੇ ਕੱਪੜੇ ਪਾੜ ਦਿੱਤੇ। ਹਮਲਾਵਰਾਂ ਨੇ ਬਜ਼ੁਰਗ ਰਵਿੰਦਰ ਕੌਰ ਦੀ ਨੂੰਹ ਪ੍ਰਿਅੰਕਾ ਤੇ ਬੇਟੇ ਜਸਪ੍ਰੀਤ ਸਿੰਘ ਨਾਲ ਵੀ ਕੁੱਟਮਾਰ ਕੀਤੀ। ਲੋਕਾਂ ਨੂੰ ਇਕੱਠੇ ਆਉਂਦੇ ਦੇਖ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ‘ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਟੈਕਸਟਾਈਲ ਕਾਲੋਨੀ ਇੰਡਸਟਰੀ ਏਰੀਆ ਏ ਦੀ ਰਹਿਣ ਵਾਲੀ ਰਵਿੰਦਰ ਕੌਰ ਦੇ ਬਿਆਨਾਂ ਉੱਪਰ ਟੈਕਸਟਾਈਲ ਕਾਲੋਨੀ ਇੰਡਸਟੀਰੀਅਲ ਏਰੀਆ ਦੇ ਹੀ ਵਾਸੀ ਘਰਪ੍ਰੀਤ ਸਿੰਘ ,ਹਰਪ੍ਰੀਤ ਸਿੰਘ ਤੇ ਜਗਦੀਸ਼ ਕੌਰ ਖਿਲਾਫ਼ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਵਿੰਦਰ ਕੌਰ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਦੋਵੇਂ ਨੌਜਵਾਨ ਉਸ ਦੇ ਪਤੀ ਦੀ ਪਹਿਲੀ ਪਤਨੀ ਦੇ ਲੜਕੇ ਹਨ। 5 ਅਕਤੂਬਰ ਨੂੰ ਉਸ ਦੇ ਪਤੀ ਹਰਭਜਨ ਸਿੰਘ ਦੀ ਮੌਤ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਘਰਪ੍ਰੀਤ ਤੇ ਹਰਪ੍ਰੀਤ ਉਸ ਦੀ ਪ੍ਰਾਪਰਟੀ ‘ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਇਸੇ ਦੇ ਚੱਲਦੇ ਸ਼ਾਮ ਵੇਲੇ ਮੁਲਜ਼ਮ ਉਨ੍ਹਾਂ ਦੇ ਘਰ ਆਏ ਤੇ ਬਜ਼ੁਰਗ ਔਰਤ ਸਮੇਤ ਉਨ੍ਹਾਂ ਦੇ ਨੂੰਹ ਪੁੱਤ ਉਪਰ ਹਮਲਾ ਕਰ ਦਿੱਤਾ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਰਵਿੰਦਰ ਕੌਰ ਦੇ ਬਿਆਨ ਲੈ ਕੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।