ਨੋਵਾਵੈਕਸ ਨੂੰ WHO ਦੀ ਮਨਜ਼ੂਰੀ ਦਾ ਇੰਤਜ਼ਾਰ, ਸਾਰੇ ਜ਼ਰੂਰੀ ਦਸਤਾਵੇਜ਼ ਕਰਵਾਏ ਜਮ੍ਹਾਂ

0
60

ਨਵੀਂ ਦਿੱਲੀ (tlt)ਅਮਰੀਕੀ ਬਾਇਓ ਟੈੱਕ ਕੰਪਨੀ ਨੋਵਾਵੈਕਸ ਇੰਕ ਨੇ ਵਿਸ਼ਵ ਸਿਹਤ ਸੰਗਠਨ (WHO) ਨੇ ਆਪਣੀ ਕੋਰੋਨਾ ਰੋਕਥਾਮ ਵੈਕਸੀਨ ਲਈ ਐਮਰਜੈਂਸੀ ਵਰਤੋਂ ਸੂਚੀ (EUL) ਦੀ ਮਨਜ਼ੂਰੀ ਮੰਗੀ ਹੈ। ਡਬਲਯੂਐੱਚਓ ਨੇ ਹਾਲੇ ਦੋ ਦਿਨ ਪਹਿਲਾਂ ਹੀ ਭਾਰਤ ਬਾਇਓਟੈੱਕ ਦੀ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਵੈਕਸੀਨ ਕੋਵੈਕਸੀਨ ਲਈ ਈਯੂਐੱਲ ਦੀ ਮਨਜ਼ੂਰੀ ਦਿੱਤੀ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਨੋਵਾਵੈਕਸ ਤੇ ਉਸ ਦੀ ਭਾਰਤੀ ਭਾਈਵਾਲ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਕਿਹਾ ਸੀ ਕਿ ਇੰਡੋਨੇਸ਼ੀਆ ਨੇ ਉਨ੍ਹਾਂ ਦੀ ਕੋਰੋਨਾ ਰੋਕੂ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨੋਵਾਵੈਕਸ ਇੰਕ ਨੇ ਵੀਰਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਕੰਪਨੀ ਨੇ ਈਯੂਐੱਲ ਲਈ ਸਾਰੇ ਜ਼ਰੂਰੀ ਮਾਡਿਊਲ ਡਬਲਯੂਐੱਚਓ ਤੇ ਹੋਰ ਕੌਮਾਂਤਰੀ ਦਵਾ ਰੈਗੂਲੇਟਰੀਆਂ ਨੂੰ ਮੁਹੱਈਆ ਕਰਵਾ ਦਿੱਤੇ ਹਨ। ਨੋਵਾਵੈਕਸ ਦੀ ਐੱਨਵੀਐਕਸ-ਸੀਓਵੀ2373 ਵੈਕਸੀਨ ਪ੍ਰੋਟੀਨ ਅਧਾਰਤ ਹੈ। ਇਸ ਦੇ ਉਤਪਾਦਨ ਲਈ ਅਮਰੀਕੀ ਕੰਪਨੀ ਨੇ ਪੁਣੇ ਸਥਿਤ ਸੀਰਮ ਇੰਸਟੀਚਿਊਟ ਨਾਲ ਕਰਾਰ ਕੀਤਾ ਹੈ।

ਨੋਵਾਵੈਕਸ ਦੇ ਪ੍ਰੈਜ਼ੀਡੈਂਟ ਤੇ ਸੀਈਓ ਸਟੇਨਲੀ ਸੀ ਏਰਕ ਨੇ ਕਿਹਾ ਕਿ ਅਸੀਂ ਦੁਨੀਆ ਭਰ ਦੇ ਲੋਕਾਂ ਲਈ ਵੈਕਸੀਨ ਲਿਆਉਣ ਲਈ ਕੰਮ ਕਰ ਰਹੇ ਹਾਂ। ਨਵੇਂ ਬਿਨੈ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਅਸੀਂ ਵੈਕਸੀਨ ਦੀ ਪਹੁੰਚ ਤੇ ਉਸ ਦੀ ਬਰਾਬਰ ਵੰਡ ’ਚ ਤੇਜ਼ੀ ਲਿਆਉਣ ’ਤੇ ਧਿਆਨ ਦੇ ਰਹੇ ਹਾਂ।