ਪੈਟਰੋਲ-ਡੀਜ਼ਲ ’ਤੇ ਪੰਜਾਬ ਵੀ ਘਟਾਏਗਾ ਵੈਟ, ਅੱਜ ਮੰਤਰੀ ਮੰਡਲ ਦੀ ਮੀਟਿੰਗ ’ਚ ਹੋਵੇਗਾ ਫ਼ੈਸਲਾ

0
78

ਲੁਧਿਆਣਾ/ ਚੰਡੀਗੜ੍ਹ (tlt) ਪੈਟਰੋਲ ਤੇ ਡੀਜ਼ਲ ’ਤੇ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ’ਚ ਟੈਕਸ ਘੱਟ ਕੀਤੇ ਜਾਣ ਦੇ ਦਬਾਅ ’ਚ ਹੁਣ ਪੰਜਾਬ ਸਰਕਾਰ ਵੀ ਵੈਟ ਘਟਾਉਣ ਜਾ ਰਹੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸ਼ੁੱਕਰਵਾਰ ਨੂੰ ਲੁਧਿਆਣੇ ’ਚ ਸਪਸ਼ਟ ਕਰ ਦਿੱਤਾ ਹੈ ਕਿ ਸ਼ਨਿਚਰਵਾਰ ਨੂੰ ਹੋਣ ਵਾਲੀ ਪ੍ਰਦੇਸ਼ ਮੰਤਰੀ ਮੰਡਲ ਦੀ ਬੈਠਕ ’ਚ ਇਸ ਬਾਰੇ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਵੱਡੀ ਰਾਹਤ ਦੇਣਾ ਚਾਹੁੰਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਹੁਣ ਪੈਟਰੋ ਉਤਪਾਦਾਂ ’ਤੇ ਲੱਗਣ ਵਾਲੀ ਸੈਂਟਰਲ ਐਕਸਾਈਜ਼ ਡਿਊਟੀ ’ਚ ਹੋਰ ਰਾਹਤ ਦੇਣੀ ਚਾਹੀਦੀ ਹੈ।

ਅਸਲ ’ਚ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ’ਚ ਵੈਟ ਕਟੌਤੀ ਤੋਂ ਬਾਅਦ ਇਨ੍ਹਾਂ ਸੂੁਬਿਆਂ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਦੇ ਲੋਕ ਉੱਥੇ ਤੇਲ ਭਰਵਾ ਰਹੇ ਹਨ। ਜੇਕਰ ਮੋਹਾਲੀ ਤੇ ਹੋਰਨਾਂ ਸੂੁਬਿਆਂ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਚੰਡੀਗੜ੍ਹ ਤੋਂ ਪੈਟਰੋਲ ’ਚ 11.95 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ’ਚ 8.91 ਰੁਪਏ ਪ੍ਰਤੀ ਲੀਟਰ ਸਸਤਾ ਹੈ। ਇਸ ਤੋੋਂ ਇਲਾਵਾ ਪੰਜਾਬ ਦੇ ਮੁਕਾਬਲੇ ਊਨਾ ’ਚ ਪੈਟਰੋਲ 12.37 ਰੁਪਏ ਤੇ ਡੀਜ਼ਲ 11.05 ਰੁਪਏ, ਜੰਮੂ ’ਚ ਪੈਟਰੋਲ 10.03 ਰੁਪਏ ਤੇ ਡੀਜ਼ਲ 9.49 ਰੁਪਏ, ਜਦਕਿ ਅੰਬਾਲਾ ’ਚ ਪੈਟਰੋਲ 10.87 ਰੁਪਏ ਤੇ ਡੀਜ਼ਲ 3.27 ਰੁਪਏ ਸਸਤਾ ਹੈ। ਇਸ ਨਾਲ ਬਠਿੰਡਾ, ਮਾਨਸਾ, ਪਟਿਆਲਾ, ਮੋਹਾਲੀ, ਰੋਪੜ, ਪਠਾਨਕੋਟ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਪੰਪ ਮਾਲਕਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ।

ਇਸ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਵੀ ਵੈਟ ਘੱਟ ਕਰਨ ਜਾ ਰਹੀ ਹੈ। ਇਸ ਦੇ ਪਿੱਛੇ ਵਿਰੋਧੀ ਧਿਰ ਦਾ ਦਬਾਅ ਵੀ ਕਾਰਨ ਹੈ। ਸ਼ੁੱਕਰਵਾਰ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂੁਬਾ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ’ਤੇ ਦਸ ਰੁਪਏ ਘੱਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਖ਼ਜ਼ਾਨਾ ਭਰਿਆ ਹੈ, ਤਾਂ ਉਨ੍ਹਾਂ ਨੂੰ ਤੁਰੰਤ ਕਟੌਤੀ ਕਰਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਤੇ ਭਾਜਪਾ ਵੀ ਇਸ ਨੂੰ ਲੈ ਕੇ ਸਰਕਾਰ ’ਤੇ ਦਬਾਅ ਬਣਾ ਰਹੀਆਂ ਸਨ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕੇਂਦਰ ਦੇ ਕਦਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹੁਣ ਪੰਜਾਬ ਸਰਕਾਰ ਨੂੰ ਵੀ ਕਟੌਤੀ ਕਰਨੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਬਾਰੇ ਪੱਤਰ ਵੀ ਲਿਖਿਆ ਹੈ। ਦੂਜੇ ਪਾਸੇ, ਟੈਕਸੇਸ਼ਨ ਵਿਭਾਗ ਮੁਤਾਬਕ ਕੇਂਦਰ ਸਰਕਾਰ ਨੇ ਯੂਟੀ ’ਚ ਐਕਸਾਈਜ਼ ਡਿਊਟੀ ਜਿੰਨੀ ਘੱਟ ਕੀਤੀ ਹੈ, ਉਸ ਨਾਲ ਪੰਜਾਬ ਦੇ ਵੈਟ ਕੁਲੈਕਸ਼ਨ ’ਚ ਵੀ ਕਮੀ ਆਏਗੀ। ਇਸ ਨਾਲ ਹਰ ਮਹੀਨੇ 71.40 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਜੇਕਰ ਸੂਬਾ ਸਰਕਾਰ ਆਪਣੇ ਟੈਕਸਾਂ ’ਚ ਵੀ ਰਾਹਤ ਦਿੰਦੀ ਹੈ ਤਾਂ ਇਹ ਬੋਝ ਹੋਰ ਵਧੇਗਾ।