ਡੇਂਗੂ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ 9 ਸੂਬਿਆਂ ‘ਚ ਭੇਜੀਆਂ ਟੀਮਾਂ, ਪੰਜਾਬ ਤੇ ਦਿੱਲੀ-ਯੂਪੀ ‘ਚ ਅਲਰਟ

0
63

ਨਵੀਂ ਦਿੱਲੀ (TLT) ਕੇਂਦਰੀ ਸਿਹਤ ਮੰਤਰਾਲੇ ਨੇ ਡੇਂਗੂ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਨੌਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਮਾਹਿਰਾਂ ਦੀਆਂ ਕੇਂਦਰੀ ਟੀਮਾਂ ਤਾਇਨਾਤ ਕੀਤੀਆਂ ਹਨ। ਸਿਹਤ ਮੰਤਰਾਲੇ ਨੇ ਇਹ ਕਦਮ ਹਰਿਆਣਾ, ਪੰਜਾਬ, ਕੇਰਲ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਅਤੇ ਜੰਮੂ-ਕਸ਼ਮੀਰ ‘ਚ ਡੇਂਗੂ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੇ ਮੱਦੇਨਜ਼ਰ ਚੁੱਕਿਆ ਹੈ। ਇਨ੍ਹਾਂ ਰਾਜਾਂ ਵਿੱਚ 31 ਅਕਤੂਬਰ ਤਕ ਦੇਸ਼ ਵਿਚ ਡੇਂਗੂ ਦੇ ਕੁੱਲ ਕੇਸਾਂ ਦਾ 86% ਹਿੱਸਾ ਹੈ। ਮਾਹਿਰ ਟੀਮਾਂ ‘ਚ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਅਤੇ ਨੈਸ਼ਨਲ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਦੇ ਅਧਿਕਾਰੀ ਸ਼ਾਮਲ ਹਨ।

ਦਿੱਲੀ ‘ਚ ਡੇਂਗੂ ਦੀ ਸਥਿਤੀ ਦੀ ਸਮੀਖਿਆ ਕਰਦੇ ਹੋਏ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਕੇਂਦਰੀ ਸਿਹਤ ਸਕੱਤਰ ਨੂੰ ਡੇਂਗੂ ਦੇ ਸਭ ਤੋਂ ਵੱਧ ਸਰਗਰਮ ਮਾਮਲਿਆਂ ਵਾਲੇ ਰਾਜਾਂ ਦੀ ਪਛਾਣ ਕਰਨ ਅਤੇ ਉੱਥੇ ਮਾਹਿਰਾਂ ਦੀਆਂ ਟੀਮਾਂ ਭੇਜਣ ਦੇ ਨਿਰਦੇਸ਼ ਦਿੱਤੇ। ਦਿੱਲੀ ਵਿੱਚ ਇਸ ਸਾਲ ਹੁਣ ਤਕ ਡੇਂਗੂ ਦੇ 1,530 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿੱਚੋਂ 1,200 ਤੋਂ ਵੱਧ ਸਿਰਫ਼ ਅਕਤੂਬਰ ਵਿਚ ਹੀ ਸਾਹਮਣੇ ਆਏ ਹਨ। ਪਿਛਲੇ ਚਾਰ ਸਾਲਾਂ ‘ਚ ਦਿੱਲੀ ‘ਚ ਇੱਕ ਮਹੀਨੇ ਵਿੱਚ ਡੇਂਗੂ ਦੇ ਇਹ ਸਭ ਤੋਂ ਵੱਧ ਮਾਮਲੇ ਹਨ।

ਜੰਮੂ-ਕਸ਼ਮੀਰ ‘ਚ ਹੁਣ ਤਕ ਸਾਹਮਣੇ ਆਏ ਕੁੱਲ 993 ਡੇਂਗੂ ਦੇ ਮਾਮਲਿਆਂ ‘ਚੋਂ 64 ਫ਼ੀਸਦੀ ਜ਼ਿਲ੍ਹਾ ਜੰਮੂ ‘ਚ ਹਨ। ਜੰਮੂ ਵਿੱਚ ਮੰਗਲਵਾਰ ਨੂੰ 33 ਨਵੇਂ ਮਾਮਲਿਆਂ ਦੇ ਨਾਲ ਇਹ ਅੰਕੜਾ 639 ਤੱਕ ਪਹੁੰਚ ਗਿਆ। ਸ਼ਹਿਰ ਦੇ ਕਈ ਇਲਾਕੇ ਡੇਂਗੂ ਨਾਲ ਪ੍ਰਭਾਵਿਤ ਹਨ। ਤਾਪਮਾਨ ਵਿੱਚ ਗਿਰਾਵਟ ਦੇ ਬਾਵਜੂਦ ਡੇਂਗੂ ਪੀੜਤ ਹਸਪਤਾਲਾਂ ਵਿੱਚ ਪਹੁੰਚ ਰਹੇ ਹਨ।

ਮੱਧ ਪ੍ਰਦੇਸ਼ ਵਿੱਚ ਇਸ ਸਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 10 ਹਜ਼ਾਰ 500 ਨੂੰ ਪਾਰ ਕਰ ਗਈ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਡੇਂਗੂ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਸਾਲ 2015 ਤੋਂ ਬਾਅਦ ਸੂਬੇ ਵਿੱਚ ਡੇਂਗੂ ਦੇ ਸਭ ਤੋਂ ਵੱਧ ਮਰੀਜ਼ ਹਨ। ਇਸ ਤੋਂ ਪਹਿਲਾਂ ਮਰੀਜ਼ਾਂ ਦੀ ਗਿਣਤੀ ਕਦੇ 5,000 ਤਕ ਨਹੀਂ ਪਹੁੰਚੀ ਸੀ। ਇਹ ਚੰਗੀ ਗੱਲ ਹੈ ਕਿ ਇਸ ਸਾਲ ਮਰੀਜ਼ਾਂ ਦੀ ਹਾਲਤ ਗੰਭੀਰ ਨਹੀਂ ਹੋ ਰਹੀ ਹੈ। ਹੁਣ ਤਕ ਪਾਏ ਗਏ ਸਾਰੇ ਮਰੀਜ਼ਾਂ ‘ਚੋਂ ਸਿਰਫ 45 ਪ੍ਰਤੀਸ਼ਤ ਨੂੰ ਹਸਪਤਾਲ ‘ਚ ਦਾਖ਼ਲ ਹੋਣ ਦੀ ਜ਼ਰੂਰਤ ਹੈ।