38ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ, ਪੰਜਾਬ ਐਂਡ ਸਿੰਧ ਬੈਂਕ ਦਿੱਲੀ ਸੈਮੀਫਾਇਨਲ ਵਿੱਚ

0
64

ਸੈਮੀਫਾਇਨਲ ਵਿੱਚ ਪੰਜਾਬ ਨੈਸ਼ਨਲ ਬੈਂਕ ਅਤੇ ਭਾਰਤੀ ਰੇਲਵੇ ਅਤੇ ਦੂਜੇ ਸੈਮੀਫਾਇਨਲ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਐਂਡ ਸਿੰਧ ਬੈਂਕ ਭਿੜਨਗੇ

ਜਲੰਧਰ (ਰਮੇਸ਼ ਗਾਬਾ) ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਬੀਐਸਐਫ ਜਲੰਧਰ ਨੂੰ 3-0 ਨਾਲ ਹਰਾ ਕੇ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਲਿਆ। ਟੂਰਨਾਮੈਂਟ ਦੇ ਸੈਮੀਫਾਇਨਲ ਮੁਕਾਬਲੇ ਸ਼ਨੀਵਾਰ ਨੂੰ ਖੇਡੇ ਜਾਣਗੇ। ਪਹਿਲੇ ਸੈਮੀਫਾਇਨਲ ਵਿੱਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਦਾ ਮੁਕਾਬਲਾ ਭਾਰਤੀ ਰੇਲਵੇ ਦਿੱਲੀ ਨਾਲ ਅਤੇ ਦੂਜੇ ਸੈਮੀਫਾਇਨਲ ਵਿੱਚ ਪੰਜਾਬ ਪੁਲਿਸ ਜਲੰਧਰ ਦਾ ਮੁਕਾਬਲਾ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨਾਲ ਹੋਵੇਗਾ।  ਸੈਮੀਫਾਇਨਲ ਮੈਚਾਂ ਦਾ ਸਿੱਧਾ ਪ੍ਰਸਾਰਣ ਪੀਟੀਸੀ ਚੈਨਲ ਤੇ ਕੀਤਾ ਜਾਵੇਗਾ।
ਪੂਲ ਸੀ ਵਿੱਚ ਆਖਰੀ ਲੀਗ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਬੀਐਸਐਫ ਜਲੰਧਰ ਨੇ ਰੱਖਿਆਤਮਕ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ ਪਹਿਲੇ ਦੋ ਕਵਾਰਟਰਾਂ ਵਿੱਚ ਦੋਵੇਂ ਟੀਮਾਂ ਨੇ ਤਿੰਨ-ਤਿੰਨ ਪੈਨਲਟੀ ਕਾਰਨਰ ਗÇਆਏ। ਅੱਧੇ ਸਮੇਂ ਤੱਕ ਦੋਵੇਂ ਟੀਮਾਂ ਬਿਨ੍ਹਾਂ ਕਿਸੇ ਗੋਲ ਦੇ ਬਰਾਬਰੀ ਤੇ ਸਨ। ਅੱਧੇ ਸਮੇਂ ਤੋਂ ਬਾਅਦ ਖੇਡ ਦੇ 40ਵੇਂ ਮਿੰਟ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 51ਵੇਂ ਮਿੰਟ ਵਿੱਚ ਬੈਂਕ ਦੇ ਸੁਰਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 55ਵੇਂ ਮਿੰਟ ਵਿੱਚ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 3-0 ਕੀਤਾ। ਇਸ ਜਿੱਤ ਨਾਲ ਬੈਂਕ ਨੇ ਦੋ ਮੈਚਾਂ ਵਿੱਚ 6 ਅਂਕ ਹਾਸਲ ਕਰਕੇ ਸੈਮੀਫਾਇਨਲ ਵਿੱਚ ਜਗ੍ਹਾ ਬਣਾਈ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਅਮਿਤ ਮਿੱਤਲ (ਲਵਲੀ ਗਰੁੱਪ) ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਕੇ ਪੀ ਐਸ ਸੇਖੋਂ ਸਾਬਕਾ ਚੀਫ ਪੀਐਸਪੀਸੀਐਲ, ਐਲ ਆਰ ਨਈਅਰ, ਲਖਵਿੰਦਰ ਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪੁਆਰ, ਕ੍ਰਿਪਾਲ ਸਿੰਘ ਮਠਾਰੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਨਰਿੰਦਰਪਾਲ ਸਿੰਘ ਜੱਜ, ਐਸ ਐਸ ਸੈਣੀ (ਰੋਪੜ), ਰਣਬੀਰ ਸਿੰਘ ਰਾਣਾ ਟੁੱਟ,  ਤਰਸੇਮ ਸਿੰਘ ਪੁਆਰ, ਸੁਖਵਿੰਦਰ ਸਿੰਘ ਲਾਲੀ, ਉਲੰਪੀਅਨ ਸੰਜੀਵ ਕੁਮਾਰ, ਕ੍ਰਿਪਾਲ ਸਿੰਘ ਮਠਾਰੂ, ਕੁਲਵਿੰਦਰ ਸਿੰਘ ਥਿਆੜਾ, ਉਲੰਪੀਅਨ ਰਜਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 30 ਅਕਤੂਬਰ ਦੇ ਮੈਚ  (ਸੈਮੀਫਾਇਨਲ)

 ਪੰਜਾਬ ਨੈਸ਼ਨਲ ਬੈਂਕ ਦਿੱਲੀ ਬਨਾਮ ਭਾਰਤੀ ਰੇਲਵੇ ਦਿੱਲੀ – 2-00 ਵਜੇ
ਪੰਜਾਬ ਪੁਲਿਸ ਜਲੰਧਰ ਬਨਾਮ ਪੰਜਾਬ ਐਂਡ ਸਿੰਧ ਬੈਂਕ ਦਿੱਲੀ 3-30 ਵਜੇ