ਕਮਿਸ਼ਨਰੇਟ ਪੁਲਿਸ ਵੱਲੋਂ ਰਾਸ਼ਟਰੀ ਏਕਤਾ ਦਿਵਸ ਸਬੰਧੀ ਕੱਢੀ ਜਾ ਰਹੀ ਮੋਟਰਸਾਈਕਲ ਰੈਲੀ ਦਾ ਜਲੰਧਰ ਪੁੱਜਣ ‘ਤੇ ਸ਼ਾਨਦਾਰ ਸਵਾਗਤ

0
57

ਪੁਲਿਸ ਕਰਮਚਾਰੀਆਂ ਦੀ 2536 ਕਿਲੋਮੀਟਰ ਲੰਬੀ ਮੋਟਰਸਾਈਕਲ ਰੈਲੀ ਲੋਕਾਂ ਵਿੱਚ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰੇਗੀ : ਡਿਪਟੀ ਕਮਿਸ਼ਨਰ ਪੁਲਿਸ

ਜਲੰਧਰ (ਰਮੇਸ਼ ਗਾਬਾ) ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਅੱਜ 31 ਅਕਤੂਬਰ, 2021 ਨੂੰ ਰਾਸ਼ਟਰੀ ਏਕਤਾ ਦਿਵਸ ਮਨਾਉਣ ਸਬੰਧੀ ਉੜੀ ਤੋਂ ਕੇਵਾਡੀਆ (ਗੁਜਰਾਤ) ਤੱਕ 2536 ਕਿਲੋਮੀਟਰ ਲੰਬੀ ਯਾਤਰਾ ‘ਤੇ ਨਿਕਲੇ 40 ਮੋਟਰਸਾਈਕਲ ਸਵਾਰਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਪੀ.ਏ.ਪੀ. ਚੌਕ ਜਲੰਧਰ ਵਿਖੇ ਰੈਲੀ ਵਿੱਚ ਹਿੱਸਾ ਲੈਣ ਵਾਲੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਦਾ ਸਵਾਗਤ ਕਰਦਿਆਂ ਡਿਪਟੀ ਕਮਿਸ਼ਨਰ ਪੁਲਿਸ ਜਗਮੋਹਨ ਸਿੰਘ ਨੇ ਕਿਹਾ ਕਿ ਇਹ ਰੈਲੀ ਲੋਕਾਂ ਵਿੱਚ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਰੈਲੀ ਕੇਵਾਡੀਆ (ਗੁਜਰਾਤ) ਵਿੱਚ ਸਟੈਚੂ ਆਫ਼ ਯੂਨਿਟੀ ਵਿਖੇ ਆਪਣੀ ਸਮਾਪਤੀ ਤੋਂ ਪਹਿਲਾਂ ਸ਼੍ਰੀ ਨਗਰ, ਜੰਮੂ, ਜਲੰਧਰ, ਨਵੀਂ ਦਿੱਲੀ, ਗਵਾਲੀਅਰ, ਝਾਂਸੀ, ਇੰਦੌਰ, ਸਾਬਰਮਤੀ ਸਮੇਤ ਵੱਖ -ਵੱਖ ਸ਼ਹਿਰਾਂ ਵਿੱਚੋਂ ਗੁਜ਼ਰੇਗੀ।
ਮੋਟਰਸਾਈਕਲ ਸਵਾਰਾਂ ਦਾ ਡੀ.ਸੀ.ਪੀ. ਜਗਮੋਹਨ ਸਿੰਘ, ਏ.ਡੀ.ਸੀ.ਪੀ. ਜਗਜੀਤ ਸਰੋਆ, ਏ.ਡੀ.ਸੀ.ਪੀ. ਟ੍ਰੈਫਿਕ ਗਗਨੇਸ਼ ਕੁਮਾਰ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਹੋਰ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ। ਅਧਿਕਾਰੀਆਂ ਵੱਲੋਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਫੁੱਲਾਂ ਦੇ ਹਾਰ ਭੇਟ ਕੀਤੇ ਗਏ ਅਤੇ ਬਾਕੀ ਦੀ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਡੀ.ਐਸ.ਪੀ. ਗੁਲਾਮ ਹੁਸੈਨ, ਜੋ ਮੋਟਰਸਾਈਕਲ ਰੈਲੀ ਦੀ ਅਗਵਾਈ ਕਰ ਰਹੇ ਸਨ, ਨੇ ਕਿਹਾ ਕਿ ਹਰ ਸ਼ਹਿਰ ਅਤੇ ਕਸਬੇ ਵਿੱਚ ਰਾਸ਼ਟਰੀ ਏਕਤਾ ਦਾ ਹੌਕਾ ਦੇਣ ਵਾਲੀ ਇਸ ਮੋਟਰਸਾਈਕਲ ਰੈਲੀ ਵਿੱਚ 40 ਜਵਾਨ ਹਿੱਸਾ ਲੈ ਰਹੇ ਹਨ । ਉਨ੍ਹਾਂ ਪੁਲਿਸ ਕਮਿਸ਼ਨਰ, ਜਲੰਧਰ ਦਾ ਨਿੱਘਾ ਸਵਾਗਤ ਕਰਨ ਲਈ ਧੰਨਵਾਦ ਵੀ ਕੀਤਾ ਅਤੇ ਅਗਲੀ ਮੰਜ਼ਿਲ ਲਈ ਰਵਾਨਾ ਹੋ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਸੀ.ਪੀ. ਟ੍ਰੈਫਿਕ ਹਰਵਿੰਦਰ ਭੱਲਾ, ਏ.ਸੀ.ਪੀ. ਨਿਰਮਲ ਸਿੰਘ ਅਤੇ ਐਸ.ਐਚ.ਓ. ਬਾਰਾਂਦਰੀ ਰਵਿੰਦਰ ਕੁਮਾਰ ਵੀ ਮੌਜੂਦ ਸਨ।