ਭਾਕਿਯੂ ਵੱਲੋਂ ਨਰਮਾ ਤਬਾਹੀ ਦੇ ਮੁਆਵਜ਼ੇ ਲਈ 25 ਤੋਂ ਅਣਮਿਥੇ ਸਮੇਂ ਲਈ ਘਿਰਾਓ ਦੀਆਂ ਜ਼ੋਰਦਾਰ ਤਿਆਰੀਆਂ ਜਾਰੀ

0
31

ਚੰਡੀਗੜ੍ਹ (tlt) ਨਰਮਾ ਤਬਾਹੀ ਤੋਂ ਪੀੜਤ 5 ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਢੁੱਕਵਾਂ ਮੁਆਵਜ਼ਾ ਲੈਣ ਲਈ ਬਾਦਲ ਵਿਖੇ ਖ਼ਜ਼ਾਨਾ ਮੰਤਰੀ ਦੇ ਬੰਗਲੇ ਅੱਗੇ ਲਗਾਤਾਰ 15 ਦਿਨ ਵੀ ਕੀਤੇ ਗਏ ਧਰਨੇ/ਘਿਰਾਓ ਨੂੰ ਮਿਥ ਕੇ ਨਜ਼ਰਅੰਦਾਜ਼ ਕਰਨ ਵਾਲੀ ਪੰਜਾਬ ਸਰਕਾਰ ਦੀ ਅੜੀ ਭੰਨਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 25 ਅਕਤੂਬਰ ਤੋਂ ਬਠਿੰਡਾ ਸਕੱਤਰੇਤ ਦਾ ਅਣਮਿਥੇ ਸਮੇਂ ਲਈ ਮੁਕੰਮਲ ਘਿਰਾਓ ਕਰਨ ਦਾ ਐਲਾਨੇ ਕੀਤਾ ਗਿਆ ਹੈ।

ਸੂਬਾ ਪੱਧਰ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਹਨ। ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕਿਸਾਨ ਆਗੂਆਂ ਨਾਲ ਅਫ਼ਸਰਸ਼ਾਹੀ ਦੁਆਰਾ ਮੁਆਵਜ਼ੇ ਬਾਰੇ ਮਖੌਲੀਆ ਟਿੱਪਣੀਆਂ ਵਾਲ਼ੀ ਇੱਕੋ ਇੱਕ ਮੀਟਿੰਗ ਤੋਂ ਇਲਾਵਾ ਕਿਸੇ ਵੀ ਮੰਤਰੀ ਸੰਤਰੀ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਲੋੜ ਵੀ ਨਹੀਂ ਸਮਝੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ/ਬਲਾਕਾਂ ਦੀਆਂ ਤਿਆਰੀ ਮੀਟਿੰਗਾਂ ਕਰਕੇ ਪਿੰਡ-ਪਿੰਡ ਜ਼ੋਰਦਾਰ ਮੁਹਿੰਮ ਆਰੰਭੀ ਜਾ ਚੁੱਕੀ ਹੈ। ਕਿਸਾਨ ਪੱਖੀ ਹੋਣ ਦੇ ਦਾਅਵੇ ਕਰਨ ਵਾਲੀ ਕਾਂਗਰਸ ਦੀ ਚੰਨੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਵੀ ਇਸ ਅੜੀ ਰਾਹੀਂ ਅਲਫ਼ ਨੰਗਾ ਹੋ ਜਾਣ ਨਾਲ ਕਿਸਾਨਾਂ ਮਜ਼ਦੂਰਾਂ ਅੰਦਰ ਇਹ ਦੇ ਵਿਰੁੱਧ ਅੰਤਾਂ ਦਾ ਰੋਹ/ਗੁੱਸਾ ਇਨ੍ਹਾਂ ਮੀਟਿੰਗਾਂ ਰੈਲੀਆਂ ‘ਚ ਹੋ ਰਹੇ ਵੱਡੇ ਇਕੱਠਾਂ ਰਾਹੀਂ ਸਾਫ਼ ਝਲਕ ਰਿਹਾ ਹੈ। ਕਿਸਾਨ ਕਹਿ ਰਹੇ ਹਨ ਕਿ ਇਹ ਘਿਰਾਓ ਹੁਣ ‘ਕਰੋ ਜਾਂ ਮਰੋ’ ਪੈਂਤੜੇ ਵਾਲ਼ਾ ਫੈਸਲਾਕੁੰਨ ਸੰਘਰਸ਼ ਹੋਵੇਗਾ। ਪਰਵਾਰਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਇਸ ਘਿਰਾਓ ਵਿੱਚ ਰਾਸ਼ਨ ਤੇ ਬਿਸਤਰਿਆਂ ਸਮੇਤ ਸ਼ਾਮਲ ਹੋਣਗੇ। ਜੇਕਰ ਸਰਕਾਰ ਨੇ ਪੁਲਿਸ ਨਾਕਿਆਂ ਰਾਹੀਂ ਰੋਕਣ ਦਾ ਯਤਨ ਕੀਤਾ ਤਾਂ ਇਹ ਨਾਕੇ ਹਰ ਹਾਲਤ ਪਾਰ ਕਰਕੇ ਬਠਿੰਡਾ ਸਕੱਤਰੇਤ ਪੁੱਜਿਆ ਜਾਵੇਗਾ।