ਤੇਜ਼ ਰਫ਼ਤਾਰ ਇਨੋਵਾ ਗੱਡੀ ਬੀ.ਐੱਸ.ਐਫ. ਦੇ 5 ਬੈਰੀਅਰ ਤੋੜ ਕੇ ਸਰਹੱਦ ਅੰਦਰ ਹੋਈ ਦਾਖ਼ਲ

0
69

ਅਟਾਰੀ (tlt) ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਨੂੰ ਜਾ ਰਹੀ ਤੇਜ਼ ਰਫ਼ਤਾਰ ਇਨੋਵਾ ਗੱਡੀ ਬੀ.ਐੱਸ.ਐਫ. ਦੇ 5 ਬੈਰੀਅਰ ਤੋੜ ਕੇ ਸਰਹੱਦ ਅੰਦਰ ਦਾਖ਼ਲ ਹੋ ਗਈ। ਇੰਟੀਗ੍ਰੇਟਿਡ ਚੈੱਕ ਪੋਸਟ (ਆਈ.ਸੀ.ਪੀ. ) ਅਤੇ ( ਜੇ. ਸੀ. ਪੀ. ) ਰੀਟ੍ਰੀਟ ਸੈਰੇਮਨੀ ਵਾਲੇ ਸਥਾਨ ਦੇ ਮੇਨ ਗੇਟਾਂ ‘ਤੇ ਨਾਈਟ ਡਿਊਟੀ ਦੇ ਰਹੇ ਜਵਾਨਾਂ ਨੇ ਭੱਜ ਕੇ ਜਾਨ ਬਚਾਈ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਹਾਦਸਾਗ੍ਰਸਤ ਗੱਡੀ ਨੂੰ ਵੱਡਾ ਨੁਕਸਾਨ ਪਹੁੰਚਾ ਹੈ ਪਰ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਨੋਵਾ ਗੱਡੀ ਦੇ ਡਰਾਈਵਰ ਦੀ ਪਹਿਚਾਣ ਇੰਦਰਜੀਤ ਸਿੰਘ ਇਸਲਾਮਾਬਾਦ ਅੰਮ੍ਰਿਤਸਰ ਵਜੋਂ ਹੋਈ ਹੈ। ਬੀ.ਐੱਸ.ਐਫ. ਦੇ ਜਵਾਨ ਘਟਨਾ ਸਥਾਨ ਵੱਲ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦੇ ਰਹੇ ਸਨ। ਬੀ.ਐੱਸ.ਐਫ. ਦੇ ਉੱਚ ਅਧਿਕਾਰੀਆਂ ਨੇ ਇਸ ਦੀ ਸੂਚਨਾ ਡੀ.ਐੱਸ.ਪੀ. ਅਟਾਰੀ, ਪੁਲਿਸ ਥਾਣਾ ਘਰਿੰਡਾ ਅਤੇ ਪੁਲਿਸ ਚੌਕੀ ਕਾਹਨਗੜ੍ਹ ਨੂੰ ਦੇ ਦਿੱਤੀ ਹੈ। ਮਾਮਲਾ ਰਾਤ ਸਮੇਂ ਅੰਤਰਰਾਸ਼ਟਰੀ ਅਟਾਰੀ ਵਾਹਗਾ-ਸਰਹੱਦ ਦੇ ਬੈਰੀਅਰ ਤੋੜ ਕੇ ਅੰਦਰ ਦਾਖ਼ਲ ਹੋਣ ਦਾ ਹੈ, ਜਿਸ ਕਾਰਨ ਬੀ.ਐੱਸ.ਐਫ. ਅਤੇ ਪੰਜਾਬ ਪੁਲਿਸ ਡਰਾਈਵਰ ਪਾਸੋਂ ਬਰੀਕੀ ਨਾਲ ਪੁੱਛ – ਪੜਤਾਲ ਕਰ ਰਹੀ ਹੈ।