ਵਿਆਹ ਦੀ ਸ਼ਾਪਿੰਗ ਕਰਨ ਬਠਿੰਡਾ ਤੋਂ ਪਟਿਆਲਾ ਮੰਗੇਤਰ ਕੋਲ ਗਈ ਲੜਕੀ ਗ਼ਾਇਬ

0
77

ਬਠਿੰਡਾ (TLT) ਬਠਿੰਡਾ ਤੋਂ ਪਟਿਆਲਾ ਆਪਣੇ ਮੰਗੇਤਰ ਕੋਲ ਵਿਆਹ ਦੀ ਸ਼ਾਪਿੰਗ ਕਰਨ ਗਈ 28 ਸਾਲ ਦੀ ਲੜਕੀ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਈ ਹੈ। ਘਰ ਵਾਲਿਆਂ ਨੂੰ ਸ਼ੱਕ ਹੈ ਕਿ ਮੰਗੇਤਰ ਨੇ ਉਸ ਦੀ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੰਗੇਤਰ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਛਪਿੰਦਰਪਾਲ ਕੌਰ ਨਾਂ ਦੀ ਲੜਕੀ ਦੇ ਪਿਤਾ ਸੁਖਚੈਨ ਸਿੰਘ ਮਾਡਲ ਟਾਊਨ, ਬਠਿੰਡਾ ‘ਚ ਰਹਿੰਦੇ ਹਨ। ਉਨ੍ਹਾਂ ਪਟਿਆਲਾ ਅਰਬਨ ਅਸਟੇਟ ਫੇਸ ਇਕ ਨੇੜੇ ਸਲਾਰੀਆ ਵਿਹਾਰ ਨਿਵਾਸੀ ਆਪਣੀ ਬੇਟੀ ਦੇ ਮੰਗੇਤਰ ਨਵਨਿੰਦਰਪ੍ਰੀਤ ਪਾਲ ਸਿੰਘ ਖਿਲਾਫ਼ ਕੇਸ ਦਰਜ ਕਰਵਾਇਆ ਹੈ।ਸੁਖਚੈਨ ਸਿੰਘ ਦਾ ਪਰਿਵਾਰ ਅੱਜਕਲ੍ਹ ਵਿਸ਼ਵਾਸ ਕਾਲੋਨੀ ਬਹਿਮਨ ਰੋਡ ਗਲੀ ਨੰਬਰ ਇਕ ਬਠਿੰਡਾ ‘ਚ ਰਹਿੰਦਾ ਹੈ। ਉਨ੍ਹਾਂ ਦੀ ਸ਼ਿਕਾਇਤ ਅਨੁਸਾਰ ਮੁਲਜ਼ਮ ਨੌਜਵਾਨ ਦੀ ਪਹਿਲਾਂ ਹੀ ਲਖਵਿੰਦਰ ਕੌਰ ਨਾਂ ਦੀ ਔਰਤ ਨਾਲ ਵਿਆਹ ਕਰ ਚੁੱਕਾ ਸੀ, ਇਹ ਸਚਾਈ ਉਨ੍ਹਾਂ ਦੀ ਬੇਟੀ ਨੂੰ ਪਟਿਆਲਾ ਪਹੁੰਚਣ ‘ਤੇ ਪਤਾ ਚੱਲੀ। ਇਸ ਤੋਂ ਬਾਅਦ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ ਜਾਂ ਫਿਰ ਉਸ ਨੂੰ ਬੰਧਕ ਬਣਾ ਲਿਆ ਗਿਆ ਹੈ। ਥਾਣਾ ਅਰਬਨ ਅਸਟੇਟ ਪਟਿਆਲਾ ਪੁਲਿਸ ਨੇ ਧਾਰਾ 364 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਸੁਖਚੈਨ ਸਿੰਘ ਦੇ ਅਨੁਸਾਰ ਉਨ੍ਹਾਂ ਦੀ ਬੇਟੀ ਦੀ ਮੁਲਜ਼ਮ ਨਾਲ ਜਾਣ-ਪਛਾਣ ਸੀ, ਜਿਸ ਵਜ੍ਹਾ ਨਾਲ ਇਹ ਰਿਸ਼ਤਾ ਤੈਅ ਕਰ ਕੇ 20 ਅਕਤੂਬਰ ਦਾ ਵਿਆਹ ਫਿਕਸ ਕਰ ਦਿੱਤਾ। ਡੇਟ ਫਿਕਸ ਹੁੰਦੇ ਹੀ ਮੁਲਜ਼ਮ ਨੌਜਵਾਨ ਟਾਲਮਟੋਲ ਕਰਨ ਲੱਗਾ ਸੀ ਤੇ 11 ਅਕਤੂਬਰ ਨੂੰ ਉਸ ਨੇ ਆਪਣੀ ਬੇਟੀ ਨੂੰ ਵਿਆਹ ਦੀ ਸ਼ਾਪਿੰਗ ਬਹਾਨੇ ਪਟਿਆਲਾ ਬੁਲਾਇਆ।14 ਅਕਤੂਬਰ ਨੂੰ ਮੁਲਜ਼ਮ ਨੇ ਸੁਖਚੈਨ ਸਿੰਘ ਦੇ ਬੇਟੇ ਨੂੰ ਫੋਨ ਕਰ ਕੇ ਕਿਹਾ ਕਿ ਉਸ ਦੀ ਭੈਣ ਝਗੜਾ ਕਰ ਕੇ ਕਿਤੇ ਚਲੀ ਗਈ ਹੈ ਤੇ ਫੋਨ ਵੀ ਉਸ ਦੇ ਕੋਲ ਛੱਡ ਗਈ ਹੈ। 15 ਅਕਤੂਬਰ ਨੂੰ ਪਰਿਵਾਰ ਦੇ ਮੈਂਬਰ ਬਠਿੰਡਾ ਤੋਂ ਪਟਿਆਲਾ ਆ ਕੇ ਛਪਿੰਦਰਪਾਲ ਕੌਰ ਦੀ ਤਲਾਸ਼ ਕਰਨ ਲੱਗੇ। ਉੱਥੇ ਹੀ ਉਨ੍ਹਾਂ ਦੇਲ ੜਕੇ ਦੇ ਪਹਿਲਾਂ ਹੀ ਵਿਆਹੇ ਹੋਣ ਦੀ ਗੱਲ ਪਤਾ ਚੱਲੀ। ਇਹ ਵੀ ਪਤਾ ਚੱਲਿਆ ਕਿ ਉਨ੍ਹਾਂ ਦੀ ਬੇਟੀ ਦਾ ਉਸ ਦੇ ਨਾਲ ਇਸ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਬੇਟੀ ਦੇ ਨਾ ਮਿਲਣ ‘ਤੇ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।