ਜਿਸਮਫਰੋਸ਼ੀ ਦੇ ਅੱਡੇ ‘ਤੇ ਪੁਲਿਸ ਨੇ ਕੀਤੀ ਛਾਪਾਮਾਰੀ , ਔਰਤਾਂ ਸਣੇ ਛੇ ਗ੍ਰਿਫ਼ਤਾਰ

0
126

ਲੁਧਿਆਣਾ (TLT) ਬਦਕਾਰੀ ਦੇ ਅੱਡੇ ‘ਤੇ ਛਾਪਾਮਾਰੀ ਕਰਦਿਆਂ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਤਿੰਨ ਔਰਤਾਂ ਸਮੇਤ ਛੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜਾਂਚ ਅਧਿਕਾਰੀ ਏਐੱਸਆਈ ਮੇਵਾ ਰਾਮ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੱਡਾ ਸੰਚਾਲਕਾ ਸੀਮਾ ਦੇਵੀ, ਮੁਹੱਲਾ ਬਸਤੀ ਦੇ ਰਹਿਣ ਵਾਲੇ ਨਰੇਸ਼ ਕੁਮਾਰ , ਸੁਨੀਲ, ਢੋਲੇਵਾਲ ਦੇ ਵਾਸੀ ਰਾਮ ਕੁਮਾਰ, ਨਿਊ ਅੰਬੇਦਕਰ ਨਗਰ ਦੀ ਰਹਿਣ ਵਾਲੀ ਸੀਤਾ ਤੇ ਕਲਾਵਤੀ ਵਜੋਂ ਹੋਈ ਹੈ। ਮੇਵਾ ਰਾਮ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੇਰਪੁਰ ਚੌਕ ਦੇ ਲਾਗੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਪੁਲਿਸ ਨੂੰ ਮੁਖ਼ਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਸੀਮਾ ਦੇਵੀ ਬਾਬਾ ਦੀਪ ਸਿੰਘ ਨਗਰ ਸ਼ੇਰਪੁਰ ਕਲਾਂ ਵਿਚ ਜਿਸਮ ਫਿਰੋਸ਼ੀ ਦਾ ਧੰਦਾ ਚਲਾਉਂਦੀ ਹੈ। ਪੁਲਿਸ ਨੂੰ ਪਤਾ ਲੱਗਾ ਕਿ ਔਰਤ ਬਾਹਰੋਂ ਲੜਕੀਆਂ ਮੰਗਵਾ ਕੇ ਆਪਣੇ ਘਰ ਦੇ ਕਮਰਿਆਂ ਵਿੱਚ ਦੇਹ ਵਪਾਰ ਕਰਵਾਉਂਦੀ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਛਾਪਾਮਾਰੀ ਕਰ ਕੇ ਅੱਡਾ ਸੰਚਾਲਕਾ ਸੀਮਾ ਦੇਵੀ ਸਮੇਤ ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ। ਜਾਂਚ ਅਧਿਕਾਰੀ ਮੇਵਾ ਰਾਮ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ।