ਕਰਜ਼ੇ ਤੋਂ ਪ੍ਰੇਸ਼ਾਨ ਹੋ ਪੰਜਾਬ ਹੋਮਗਾਰਡ ਦੇ ਸਬ-ਇੰਸਪੈਕਟਰ ਨੇ ਕੀਤੀ ਖੁਦਕੁਸ਼ੀ

0
61

ਜ਼ੀਰਾ (TLT) ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਵੱਲੋਂ ਆਤਮਹੱਤਿਆਵਾਂ ਦੀਆਂ ਖਬਰਾਂ ਤਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਅੱਜ ਹਲਕਾ ਜ਼ੀਰਾ ਦੇ ਪੰਜਾਬ ਪੁਲਿਸ ਦੇ ਹੋਮਗਾਰਡ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੌਫਨਾਕ ਕਦਮ ਚੁੱਕ ਲਿਆ। ਉਸ ਨੇ ਨਹਿਰ ਵਿਚ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਦੀ ਪਛਾਣ ਸਬ-ਇੰਸਪੈਕਟਰ ਸੁਖਦੇਵ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਤੇ ਪੁੱਤਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸੁਖਦੇਵ ਸਿੰਘ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਪਰ ਅੱਜ ਜਦੋਂ ਉਹ ਡਿਊਟੀ ਲਈ ਘਰੋਂ ਨਿਕਲਿਆ, ਵਾਪਸ ਪਰਤ ਕੇ ਨਹੀਂ ਆਇਆ। ਫਿਰ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਬੰਗਾਲੀ ਪੁਲ ਦੇ ਕੋਲ ਨਹਿਰ ‘ਤੇ ਇੱਕ ਮੋਟਰਸਾਈਕਲ ਲਾਵਾਰਿਸ ਹਾਲਤ ‘ਚ ਖੜ੍ਹੀ ਹੈ। ਜਦੋਂ ਉਨ੍ਹਾਂ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਉਕਤ ਮੋਟਰਸਾਈਕਲ ਉਸ ਦੇ ਭਰਾ ਦਾ ਸੀ।

ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਗੋਤਾਖੋਰਾਂ ਦੀ ਮਦਦ ਨਾਲ ਸਬ-ਇੰਸਪੈਕਟਰ ਦੀ ਲਾਸ਼ ਬਰਾਮਦ ਕੀਤੀ ਗਈ। ਹੋਰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸੁਖਦੇਵ ਸਿੰਘ ਦਾ ਕੁਝ ਲੋਕਾਂ ਨਾਲ ਪੈਸਿਆਂ ਨੂੰ ਲੈ ਕੇ ਲੈਣ-ਦੇਣ ਸੀ, ਜਿਸ ਕਾਰਨ ਉਹ ਅਕਸਰ ਉਸ ਨੂੰ ਫੋਨ ਕਰਕੇ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਸੁਖਦੇਵ ਸਿੰਘ ਵੱਲੋਂ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਗਿਆ।