ਪੁਲਿਸ ਪਬਲਿਕ ਸਕੂਲ ਨੇ ਫ਼ੀਸਾਂ ਨਾ ਦੇ ਸਕਣ ਵਾਲੇ 100 ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ

0
43

ਬਠਿੰਡਾ (TLT) ਵਿਦਿਆਰਥੀਆਂ ਦੇ ਮਜਬੂਰ ਮਾਪਿਆਂ ਵੱਲੋਂ ਫੀਸਾਂ ਨਾ ਭਰੇ ਜਾਣ ਕਾਰਨ ਪੁਲਿਸ ਪਬਲਿਕ ਸਕੂਲ ਦੇ ਪ੍ਰਬੰਧਕਾਂ ਨੇ 100 ਵਿਦਿਆਰਥੀਆਂ ਨੂੰ ਪੇਪਰ ਦੇਣ ਤੋਂ ਰੋਕ ਦਿੱਤਾ ਹੈ। ਸਕੂਲ ਪ੍ਰਬੰਧਕਾਂ ਨੇ ਫੀਸਾਂ ਨਾ ਭਰਨ ਵਾਲੇ ਅਜਿਹੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚੋਂ ਕੱਢ ਕੇ ਇਕ ਲਾਇਬ੍ਰੇਰੀ ਚ ਬਿਠਾ ਦਿੱਤਾ ਜਦੋਂ ਕਿ ਦੂਜੇ ਬੱਚਿਆਂ ਦੇ ਪੇਪਰ ਲਏ ਗਏ। ਜਦੋਂ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਪੇਪਰ ਨੇ ਨਾ ਲਏ ਜਾਣ ਦਾ ਪਤਾ ਉਨ੍ਹਾਂ ਦੇ ਮਾਪਿਆਂ ਨੂੰ ਲੱਗਾ ਤਾਂ ਉਹ ਸਕੂਲ ਚ ਪਹੁੰਚਣੇ ਸ਼ੁਰੂ ਹੋ ਗਏ। ਜਮਾਤਾਂ ਚੋਂ ਕੱਢੇ ਗਏ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੀ ਪ੍ਰਿੰਸੀਪਲ ਖ਼ਿਲਾਫ਼ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਤੋਂ ਬਾਅਦ ਕੰਮ ਧੰਦੇ ਬੰਦ ਹੋ ਜਾਣ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਬੇਹੱਦ ਕਮਜ਼ੋਰ ਹੋ ਚੁੱਕੀ ਹੈ, ਜਿਸ ਕਾਰਨ ਉਹ ਸਕੂਲ ਨੂੰ ਇਕੱਠੀ ਫੀਸ ਨਹੀਂ ਦੇ ਸਕਦੇ। ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਪੇਪਰ ਨਾ ਲਏ ਜਾਣ ਕਾਰਨ ਉਨ੍ਹਾਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗਦਾ ਨਜ਼ਰ ਆ ਰਿਹਾ ਹੈ। ਪੁਲਿਸ ਪਬਲਿਕ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਅਨੀਸ਼ਾ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਵੱਲੋਂ ਸਕੂਲ ਦੀ ਫੀਸ ਨਹੀਂ ਭਰੀ ਜਾ ਸਕੀ ਜਿਸ ਕਾਰਨ ਉਸ ਨੂੰ ਅੱਜ ਮੈਥ ਦਾ ਪੇਪਰ ਨਹੀਂ ਦੇਣ ਦਿੱਤਾ ਗਿਆ। ਇਸ ਤਰ੍ਹਾਂ ਹੀ ਛੇਵੀਂ ਕਲਾਸ ਦੀ ਮਨੀਸ਼ਾ ਨੇ ਦੱਸਿਆ ਕਿ ਟਾਈਫਾਈਡ ਹੋਣ ਕਾਰਨ ਉਹ ਪ੍ਰਾਈਵੇਟ ਹਸਪਤਾਲ ਚ ਦਾਖਲ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਬੰਧਕਾਂ ਨੂੰ ਪੇਪਰ ਲੈਣ ਦੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਫੀਸ ਭਰਾਏ ਬਿਨਾਂ ਪੇਪਰ ਲੈਣ ਤੋਂ ਇਨਕਾਰ ਕਰ ਦਿੱਤਾ। ਸਕੂਲ ਦੀ ਇੱਕ ਹੋਰ ਵਿਦਿਆਰਥਣ ਦੀ ਮਾਤਾ ਹਰਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਉਹ ਇਸ ਵਾਰ ਬੱਚੇ ਦੀ ਫ਼ੀਸ ਅਦਾ ਨਹੀਂ ਕਰ ਸਕੇ। ਉਨ੍ਹਾਂ ਸਕੂਲ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਸੀ ਕਿ ਉਹ ਥੋੜ੍ਹਾ ਥੋੜ੍ਹਾ ਕਰਕੇ ਫੀਸ ਨੂੰ ਅਦਾ ਕਰ ਦੇਣਗੇ ਪਰ ਪ੍ਰਿੰਸੀਪਲ ਨੇ ਅੱਜ ਉਨ੍ਹਾਂ ਦੇ ਬੱਚੇ ਨੂੰ ਕਲਾਸ ਵਿੱਚੋਂ ਬਾਹਰ ਕੱਢ ਦਿੱਤਾ ਤੇ ਪੇਪਰ ਨਹੀਂ ਲਿਆ। ਬੱਚਿਆਂ ਦੇ ਹੋਰ ਮਾਪੇ ਰਿੰਕੀ ਸਿੰਘ ਨੇ ਦੱਸਿਆ ਕਿ ਫੀਸਾਂ ਨਾ ਭਰਨ ਵਾਲੇ ਬੱਚਿਆਂ ਨੂੰ ਕਲਾਸਾਂ ਵਿੱਚੋਂ ਕੱਢ ਕੇ ਲਾਇਬ੍ਰੇਰੀ ਚ ਬੰਦ ਕਰ ਦਿੱਤਾ ਗਿਆ ਜਦੋਂਕਿ ਹੋਰਨਾਂ ਵਿਦਿਆਰਥੀਆਂ ਦੇ ਪੇਪਰ ਲਏ ਜਾ ਰਹੇ ਹਨ। ਮੌਕੇ ਤੇ ਪੁੱਜੀ ਦੀਪਿਕਾ ਸੇਠੀ ਨੇ ਦੱਸਿਆ ਕਿ ਉਨ੍ਹਾਂ 11 ਹਜ਼ਾਰ ਰੁਪਏ ਦਾਖ਼ਲਾ ਫੀਸ ਅਦਾ ਕਰ ਚੁੱਕੇ ਹਨ। ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਹਸਪਤਾਲ ਚ ਦਾਖ਼ਲ ਹੈ ਪਰ ਇਸਦੇ ਬਾਵਜੂਦ ਉਨ੍ਹਾਂ ਨੇ ਬੱਚੇ ਦੀ ਗਿਆਰਾਂ ਹਜ਼ਾਰ ਦਾਖ਼ਲਾ ਫ਼ੀਸ ਅਦਾ ਵੀ ਕੀਤੀ ਪਰ ਹੁਣ ਸਕੂਲ ਪ੍ਰਿੰਸੀਪਲ ਨੇ ਪੇਪਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਵਿਦਿਆਰਥੀਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਜਮਾਤਾਂ ਵਿਚੋਂ ਕੱਢੇ ਜਾਣ ਤੇ ਪੇਪਰ ਨਾ ਲਏ ਜਾਣ ਕਾਰਨ ਵਿਦਿਆਰਥੀ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਚੁੱਕੇ ਹਨ ਤੇ ਜੇਕਰ ਉਨ੍ਹਾਂ ਦੇ ਬੱਚਿਆਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਕੂਲ ਪ੍ਰਬੰਧਕਾਂ ਦੀ ਹੋਵੇਗੀ।

ਇਸ ਮਾਮਲੇ ਸਬੰਧੀ ਪੁਲਿਸ ਪਬਲਿਕ ਸਕੂਲ ਦੀ ਪ੍ਰਿੰਸੀਪਲ ਮੋਨਿਕਾ ਸਿੰਘ ਨੇ ਮੰਨਿਆ ਕਿ ਉਨ੍ਹਾਂ ਫ਼ੀਸਾਂ ਅਦਾ ਨਾ ਕਰਨ ਵਾਲੇ 100 ਬੱਚਿਆਂ ਦੇ ਪੇਪਰ ਨਹੀਂ ਲਏ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲ ਬੱਚਿਆਂ ਦੀਆਂ ਫੀਸਾਂ ’ਤੇ ਚੱਲਦੇ ਹਨ, ਜੇਕਰ ਬੱਚਿਆਂ ਦੇ ਮਾਪੇ ਫ਼ੀਸਾਂ ਨਹੀਂ ਭਰਨਗੇ ਤਾਂ ਉਹ ਸਕੂਲ ਸਟਾਫ ਨੂੰ ਤਨਖਾਹ ਕਿੱਥੋਂ ਦੇਣਗੇ। ਪ੍ਰਿੰਸੀਪਲ ਮੋਨਿਕਾ ਸਿੰਘ ਨੇ ਕਿਹਾ ਕਿ ਸਕੂਲ ਸਟਾਫ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਇਸੇ ਕਾਰਨ ਤਨਖ਼ਾਹ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਜਿਹੜੇ ਬੱਚਿਆਂ ਦੇ ਮਾਪੇ ਫ਼ੀਸਾਂ ਅਦਾ ਕਰ ਦੇਣਗੇ ਉਨ੍ਹਾਂ ਦੇ ਪੇਪਰ ਦੁਬਾਰਾ ਲਏ ਜਾਣਗੇ।