ਜਾਅਲੀ ਸਰਟੀਫਿਕੇਟਾਂ ਸਹਾਰੇ ਕਰ ਰਹੇ ਸਨ ਨੌਕਰੀ, ਤਰੱਕੀ ਲੈਣ ਵੇਲੇ ਹੋਏ ਬੇਨਕਾਬ

0
56

ਪਟਿਆਲਾ (tlt) ਪੰਜਾਬੀ ਯੂਨੀਵਰਸਿਟੀ ਵਿਚ ਘਪਲਿਆਂ ਦੇ ਮਾਮਲੇ ਹਾਲੇ ਸ਼ਾਂਤ ਨਹੀਂ ਹੋਏ ਸਨ ਕਿ ਹੁਣ ਜਾਅਲੀ ਸਰਟੀਫਿਕੇਟ ਦੇ ਅਧਾਰ ’ਤੇ ਨੌਕਰੀ ਕਰਨ ਦਾ ਮਾਮਲਾ ਸਾਹਮਣੇ ਆ ਗਿਆ ਹੈ। ਕਈ ਸਾਲਾਂ ਤੋਂ ਨੌਕਰੀ ਕਰ ਰਹੇ ਮੁਲਾਜ਼ਮਾਂ ਦੇ ਸਰਟੀਫਿਕੇਟ ਜਾਅਲੀ ਹੋਣ ਦਾ ਖ਼ੁਲਾਸਾ ਇਨ੍ਹਾਂ ਵੱਲੋਂ ਤਰੱਕੀ ਲੈਣ ਮੌਕੇ ਹੋਇਆ ਹੈ। ਸਬੰਧਤ ਬ੍ਰਾਂਚ ਨੇ ਇਸ ਸਬੰਧੀ ਯੂਨੀਵਰਸਿਟੀ ਨੂੰ ਜਾਣੂੰ ਕਰਵਾਉਂਦਿਆਂ ਸਖ਼ਤ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ।

ਜਾਣਕਾਰੀ ਮੁਤਾਬਕ ਪੰਜਾਬੀ ਯੂਨੀਵਰਸਿਟੀ ਵਿਚ ਪਿਛਲੇ ਸਾਲਾਂ ਦੌਰਾਨ ਤਰੱਕੀ ਦੇਣ ਸਮੇਂ ਮੁਲਾਜ਼ਮਾਂ ਦੀਆਂ ਹੁਣ ਤਕ ਦੀਆਂ ਸੇਵਾਵਾਂ ਨੂੰ ਦੇਖੀ ਜਾ ਰਹੀ ਸੀ। ਇਸ ਲਈ ਤਰੱਕੀ ਦੇਣ ਤੋਂ ਪਹਿਲਾਂ ਮੁਲਾਜ਼ਮਾਂ ਵੱਲੋਂ ਨੌਕਰੀ ਲੈਣ ਮੌਕੇ ਦਿੱਤੇ ਸਰਟੀਫਿਕੇਟਾਂ ਦੀ ਜਾਂਚ ਸ਼ੁਰੂ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ 20 ਤੋਂ 25 ਅਸਾਮੀਆਂ ਨੂੰ ਤਰੱਕੀਆਂ ਦੇ ਕੇ ਲਾਇਬ੍ਰੇਰੀ ਸਹਾਇਕ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਮੁਲਾਜ਼ਮਾਂ ਦੇ ਸਰਟੀਫਿਕੇਟਾਂ ਦੀ ਜਾਂਚ ਦੌਰਾਨ ਤਿੰਨ ਰਿਸਟੋਰਰ ਦੇ ਸਰਟੀਫਿਕੇਟ ਬੋਗਸ ਯੂਨੀਵਰਸਿਟੀ ਦੇ ਨਿਕਲੇ ਹਨ। ਜਿਸ ਤੋਂ ਬਾਅਦ ਸਬੰਧਤ ਬ੍ਰਾਂਚ ਨੇ ਤਿੰਨਾਂ ਮੁਲਾਜ਼ਮਾਂ ਦੀ ਤਰੱਕੀ ਫਾਈਲ ’ਤੇ ਰੋਕ ਲਾਉਂਦਿਆਂ ਜਾਅਲੀ ਸਰਟੀਫਿਕੇਟ ਦੇ ਅਧਾਰ ’ਤੇ ਨੌਕਰੀ ਲੈਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕਰ ਦਿੱਤੀ ਹੈ। ਤਿੰਨੇ ਮੁਲਾਜ਼ਮ ਯੂਨੀਵਰਸਿਟੀ ਵਿਚ 8 ਤੋਂ 10 ਸਾਲ ਪਹਿਲਾਂ ਭਰਤੀ ਹੋਏ ਸਨ, ਜਿਨ੍ਹਾਂ ਦੇ ਪਡ਼੍ਹਾਈ ਸਬੰਧੀ ਸਰਟੀਫਿਕੇਟ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੇ ਨਹੀਂ ਨਿਕਲੇ।

ਪੰਜਾਬੀ ਯੂਨੀਵਰਸਿਟੀ ਵਿਚ ਜਾਅਲੀ ਐੱਸਸੀ ਸਰਟੀਫਿਕੇਟ ਦੇ ਅਧਾਰ ’ਤੇ ਨੌਕਰੀ ਹਾਸਿਲ ਕਰਨ ਦਾ ਮਾਮਲਾ ਵੀ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ ਹੈ। 2009 ਤੋਂ 2011 ਦੌਰਾਨ ਭਰਤੀ ਹੋਏ 7 ਸਹਾਇਕ ਪ੍ਰੋਫੈਸਰਾਂ ਦੀ ਸਰਟੀਫਿਕੇਟ ਗ਼ਲਤ ਪਾਏ ਗਏ। ਪੰਜਾਬੀ ਯੂਨੀਵਰਸਿਟੀ ਫਿਜ਼ਿਕਸ ਵਿਭਾਗ ਦੇ ਪ੍ਰੋ. ਡਾ. ਬੀਐੱਸ ਸੰਧੂ ਅਤੇ ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਡਾ. ਸੁਮਨਪ੍ਰੀਤ ਕੌਰ ’ਤੇ ਅਧਾਰਤ ਕਮੇਟੀ ਨੇ ਜਾਂਚ ਕੀਤੀ ਹੈ। ਜਿਨ੍ਹਾਂ ਨੇ ਚੋਣ ਕਮੇਟੀ ਤੇ ਲਾਭਪਾਤਰੀਆਂ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ਇਸ ਕਮੇਟੀ ਨੇ ਗ਼ਲਤ ਭਰਤੀ ਲਈ ਉਸ ਸਮੇਂ ਦੇ ਵਾਈਸ ਚਾਂਸਲਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਮਸਲੇ ਨੂੰ ਸਿੰਡੀਕੇਟ ਵਿਚ ਲੈ ਕੇ ਜਾਣ ਦੇ ਨਾਂ ’ਤੇ ਠੰਢੇ ਬਸਤੇ ਪਾਇਆ ਹੈ।