ਨਰਾਤਿਆਂ ‘ਚ ਚਿੰਤਪੁਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ, ਹਿਮਾਚਲ ਸਰਕਾਰ ਨੇ ਐਂਟਰੀ ਸਬੰਧੀ ਜਾਰੀ ਕੀਤੇ ਨਵੇਂ ਨਿਯਮ

0
54

ਹੁਸ਼ਿਆਰਪੁਰ (tlt) ਨਰਾਤਿਆਂ ‘ਚ ਚਿੰਤਪੁਰਨੀ ਸਮੇਤ ਹਿਮਾਚਲ ਦੇ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਬੇਹੱਦ ਜ਼ਰੂਰੀ ਖ਼ਬਰ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਨਿਯਮਾਂ ਨੂੰ ਕਾਫੀ ਸਖ਼ਤ ਕੀਤਾ ਹੋਇਆ ਹੈ। ਨਵੇਂ ਜਾਰੀ ਹੁਕਮਾਂ ਅਨੁਸਾਰ ਹਿਮਾਚਲ ‘ਚ ਸਿਰਫ਼ ਉਨ੍ਹਾਂ ਸ਼ਰਧਾਲੂਆਂ ਐਂਟਰੀ ਮਿਲੇਗੀ ਜਿਨ੍ਹਾਂ ਦੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣਗੀਆਂ ਜਾਂ 75 ਘੰਟਿਆਂ ਦੇ ਵਿਚਕਾਰ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਾ ਸਰਟੀਫਿਕੇਟ ਹੋਵੇਗਾ। ਜਿਹੜੇ ਸ਼ਰਧਾਲੂ ਇਹ ਸ਼ਰਤਾਂ ਨਹੀਂ ਪੂਰੀਆਂ ਕਰ ਸਕਣਗੇ ਉਨ੍ਹਾਂ ਨੂੰ ਹਿਮਾਚਲ ਸਰਕਾਰ ਐਂਟਰੀ ਨਹੀਂ ਦੇਵੇਗੀ।

ਵੀਰਵਾਰ ਯਾਨੀ 7 ਅਕਤੂਬਰ ਤੋਂ ਅੱਸੂ ਦੇ ਨਰਾਤੇ ਸ਼ੁਰੂ ਹੋ ਰਹੇ ਹਨ ਜੋ 14 ਅਕਤੂਬਰ ਤਕ ਚੱਲਣਗੇ। ਇਸੇ ਦੌਰਾਨ ਮਾਤਾ ਚਿੰਤਪੁਰਨੀ ਤੇ ਹੋਰ ਧਾਰਮਿਕ ਸਥਾਨਾਂ ‘ਤੇ ਨਰਾਤਿਆਂ ਦੇ ਸਾਲਾਨਾ ਮੇਲੇ ਸ਼ੁਰੂ ਹੋ ਰਹੇ ਹਨ। ਇਨ੍ਹਾਂ ਮੇਲਿਆਂ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚਦੇ ਹਨ। ਹਿਮਾਚਲ ਸਰਕਾਰ ਵੱਲੋਂ ਕੀਤੀ ਸਖ਼ਤੀ ਤੋਂ ਬਾਅਦ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸ਼ਰਧਾਲੂ ਹਿਮਾਚਲ ਪ੍ਰਦੇਸ਼ ‘ਚ ਆਉਂਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਨਹੀਂ ਕਰ ਸਕਣਗੇ। ਇਸ ਲਈ ਪਰੇਸ਼ਾਨ ਹੋਣ ਦੀ ਬਜਾਏ ਸ਼ਰਧਾਲੂ ਤਾਂ ਹੀ ਹਿਮਾਚਲ ਜਾਣ ਜੇਕਰ ਉਹ ਸ਼ਰਤਾਂ ਪੂਰੀਆਂ ਕਰਦੇ ਹੋਣ।