ਦੂਜੇ ਸੂਬਿਆਂ ‘ਚੋਂ ਆਉਂਦਾ ਝੋਨਾ ਫੜਨ ਲਈ ਲਗਾਏ ਨਾਕੇ ‘ਤੇ ਤੇਜ਼ ਰਫ਼ਤਾਰ ਵਾਹਨ ਨੇ ਥਾਣੇਦਾਰ ਦਰੜਿਆ, ਮੌਤ

0
73

ਹਰੀਕੇ ਪੱਤਣ (tlt) ਬਾਹਰਲੇ ਸੂਬਿਆਂ ‘ਚੋਂ ਆਉਂਦਾ ਝੋਨਾ ਫੜਨ ਲਈ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਹੁਕਮਾਂ ਤਹਿਤ ਨਵਦੀਪ ਸਿੰਘ ਜ਼ਿਲ੍ਹਾ ਖੁਰਾਕ ਸਪਲਾਈ ਅਫਸਰ ਨਾਲ ਰਾਤ ਵੇਲੇ ਨੈਸ਼ਨਲ ਹਾਈਵੇ 54 ‘ਤੇ ਮਖੂ ਇਲਾਕੇ ਦੀ ਹੱਦ ‘ਚ ਸੀਲਿੰਗ ਨਾਕੇ ‘ਤੇ ਤਾਇਨਾਤ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੂੰ ਕਿਸੇ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਦਰੜ ਦਿੱਤਾ। ਹਾਦਸੇ ਦੇ ਚੱਲਦਿਆਂ ਪੁਲਿਸ ਚੌਕੀ ਨੌਸ਼ਹਿਰਾ ਪੰਨੂਆਂ ਵਿਖੇ ਡਿਊਟੀ ਕਰਦੇ ਏਐਸਆਈ ਕਸ਼ਮੀਰ ਸਿੰਘ ਦੀ ਥਾਂ ‘ਤੇ ਹੀ ਮੌਤ ਹੋ ਗਈ। ਜਦਕਿ ਵਾਹਨ ਚਾਲਕ ਗੱਡੀ ਸਮੇਤ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਦੋਵਾਂ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਲਗਾਏ ਬੇਤਰਤੀਬੇ ਨਾਕਿਆਂ ਕਾਰਨ ਹੁਣ ਤਕ ਉਥੇ ਦਰਜਨਾਂ ਜਾਨਲੇਵਾ ਹਾਦਸੇ ਵਾਪਰ ਚੁੱਕੇ ਹਨ। ਪਰ ਹਾਈਵੇ ਅਥਾਰਟੀ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਅਜੇ ਤਕ ਵੀ ਸੁਰੱਖਿਆ ਪੱਖੋਂ ਅਹਿਤਿਆਤੀ ਕਦਮ ਚੁੱਕਣ ਦੀ ਥਾਂ ਅਵੇਸਲੇ ਹੀ ਨਜ਼ਰ ਆ ਰਹੇ ਹਨ।