ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਭੋਜੋਵਾਲ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ

0
29

ਬਾਗਬਾਨੀ ਨਾਲ ਜੁੜੇ ਸਹਾਇਕ ਧੰਦਿਆਂ ਬਾਰੇ ਵੀ ਦਿੱਤੀ ਜਾਣਕਾਰੀ

ਜਲੰਧਰ (ਰਮੇਸ਼ ਗਾਬਾ) ਬਾਗਬਾਨੀ ਵਿਭਾਗ, ਜ਼ਿਲ੍ਹਾ ਜਲੰਧਰ ਵੱਲੋਂ ਸਰਦ ਰੁੱਤ ਦੀਆਂ ਸਬਜ਼ੀ ਬੀਜ ਕਿੱਟਾਂ ਦੇ ਕੈਂਪਾਂ ਦਾ ਸਿਲਸਲਾ ਜਾਰੀ ਰੱਖਦਿਆਂ ਸੋਮਵਾਰ ਨੂੰ ਡਿਪਟੀ ਡਾਇਰੈਕਟਰ ਬਾਗਬਾਨੀ, ਜਲੰਧਰ ਡਾ. ਸੁਖਦੀਪ ਸਿੰਘ ਹੁੰਦਲ ਦੇ ਦਿਸ਼ਾ-ਨਿਰਦੇਸ਼ਾ ਹੇਠ ਪਿੰਡ ਭੋਜੋਵਾਲ, ਬਲਾਕ ਜਲੰਧਰ ਈਸਟ ਵਿਖੇ ਆਤਮਾ ਸਕੀਮ ਤਹਿਤ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਕੈਂਪ ਵਿੱਚ ਬਾਗਬਾਨੀ ਵਿਕਾਸ ਅਫ਼ਸਰ, ਜਲੰਧਰ ਸੁਖਬੀਰ ਸਿੰਘ ਨੇ ਕਿਸਾਨਾਂ ਨੂੰ ਕਣਕ ਝੋਨੇ ਦੇ ਰਵਾਇਤੀ ਚੱਕਰ ਨੂੰ ਛੱਡ ਕੇ ਬਾਗਬਾਨੀ ਫ਼ਸਲਾਂ ਲਗਾਉਣ ਲਈ ਪ੍ਰੇਰਿਤ ਕੀਤਾ । ਇਸ ਦੌਰਾਨ ਬਾਗਬਾਨੀ ਵਿਭਾਗ ਵੱਲੋਂ ਘਰੇਲੂ ਬਗੀਚੀ ਵਿੱਚ ਸਬਜ਼ੀ ਲਗਾਉਣ ਲਈ ਮਿੰਨੀ ਕਿੱਟਾਂ ਮੁਫਤ ਵੰਡੀਆਂ ਗਈਆਂ। ਡਾ. ਸੁਖਬੀਰ ਸਿੰਘ ਨੇ ਜ਼ਿਲ੍ਹੇ ਦੀਆਂ ਤਿੰਨ ਸਰਕਾਰੀ ਨਰਸਰੀਆਂ ਜਲੰਧਰ ਕੈਂਟ, ਬੀੜ ਫਿਲੌਰ ਅਤੇ ਥਲਾਂ ਤੋਂ ਫਲਦਾਰ ਬੂਟਿਆਂ ਦੀ ਉਪਲਬਧੀ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਬਾਗ ਲਗਾਉਣ ਲਈ ਪ੍ਰੇਰਿਤ ਕੀਤਾ । ਇਸ ਤੋਂ ਇਲਾਵਾ ਡਾ. ਸੁਖਬੀਰ ਸਿੰਘ ਨੇ ਕਿਸਾਨਾਂ ਨੂੰ ਬਾਗਬਾਨੀ ਨਾਲ ਜੁੜੇ ਸਹਾਇਕ ਧੰਦਿਆਂ ਜਿਵੇਂ ਕਿ ਮੱਧੂ ਮੱਖੀ ਪਾਲਣ, ਖੁੰਬਾਂ ਦੀ ਖੇਤੀ ਕਰਨ ਲਈ ਵੀ ਉਤਸ਼ਾਹਿਤ ਕੀਤਾ।
ਇਸ ਕੈਂਪ ਵਿੱਚ ਪਿੰਡ ਭੋਜੋਵਾਲ ਦੇ ਸਰਪੰਚ ਗਰੀਬ ਦਾਸ, ਬਲਾਕ ਸੰਮਤੀ ਮੈਂਬਰ ਲਖਵਿੰਦਰ ਬੰਗੜ, ਪੰਚ ਕੁਲਵਿੰਦਰ ਸਿੰਘ, ਨੰਬਰਦਾਰ ਜਰਨੈਲ ਸਿੰਘ ਤੋਂ ਇਲਾਵਾ ਜੋਗਿੰਦਰ ਰਾਮ, ਗੁਰਖਬਸ਼ ਰਾਮ, ਬਲਦੇਵ ਕੁਮਾਰ, ਕਮਲਦੀਪ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ, ਜੋਗਾ ਸਿੰਘ ਅਤੇ ਲਗਭਗ 40 ਕਿਸਾਨਾਂ ਨੇ ਭਾਗ ਲਿਆ।