ਗੋਲ਼ੀ ਲੱਗਣ ਨਾਲ ਏਐੱਸਆਈ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਘਟਨਾ ਨੂੰ ਦੱਸਿਆ ਸਾਜ਼ਿਸ਼

0
73

ਮਮਦੋਟ (TLT) ਦੇਰ ਰਾਤ ਨੂੰ ਪੁਲਿਸ ਦੇ ਰਿਹਾਇਸ਼ੀ ਕੁਆਰਟਰਾਂ ਵਿਚ ਰਹਿ ਰਹੇ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੋਲੀ ਲੱਗਣ ਦੇ ਮੁੱਖ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਮੌਕੇ ‘ਤੇ ਪੁੱਜੇ ਪਰਿਵਾਰਕ ਮੈਂਬਰਾਂ ਨੇ ਉਕਤ ਘਟਨਾ ਨੂੰ ਸਾਜ਼ਿਸ਼ ਦੱਸਿਆ ਹੈ। ਜਾਣਕਾਰੀ ਮੁਤਾਬਕ ਏ ਐੱਸ ਆਈ ਜਤਿੰਦਰ ਸਿੰਘ ਡਿਊਟੀ ਖ਼ਤਮ ਹੋਣ ਉਪਰੰਤ ਆਪਣੇ ਕੁਆਟਰ ਵਿੱਚ ਸੌਣ ਲਈ ਚਲਾ ਗਿਆ ਸੀ ਕਿ ਦੇਰ ਰਾਤ ਕਰੀਬ ਦੱਸ ਵਜੇ ਇਕਦਮ ਗੋਲੀ ਚੱਲਣ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਥਾਣੇ ਅੰਦਰ ਮੌਜੂਦ ਲੋਕਾਂ ਨੇ ਅੰਦਰ ਜਾ ਕੇ ਵੇਖਿਆ ਕਿ ਏਐੱਸਆਈ ਜਤਿੰਦਰ ਸਿੰਘ ਖੂਨ ਨਾਲ ਲੱਥਪੱਥ ਹੋ ਕੇ ਡਿੱਗਾ ਪਿਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕ ਏਐਸਆਈ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪੁੱਜ ਗਏ ਸਨ ਜਿਨ੍ਹਾਂ ਨੇ ਮੌਤ ਸਬੰਧੀ ਸਾਜ਼ਿਸ਼ ਤਹਿਤ ਹੱਤਿਆ ਦਾ ਇਕ ਵੱਡਾ ਖਦਸ਼ਾ ਪ੍ਰਗਟਾਇਆ ਹੈ। ਫਿਲਹਾਲ ਮੌਕੇ ‘ਤੇ ਪੁੱਜੇ ਡੀਐੱਸਪੀ ਆਜ਼ਾਦ ਦਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਬੜੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਸਬੰਧ ਵਿਚ ਫਿੰਗਰ ਪ੍ਰਿੰਟ ਐਕਸਪਰਟ ਵੀ ਬੁਲਾ ਲਏ ਗਏ ਹਨ। ਪੁਲਿਸ ਨੇ ਮ੍ਰਿਤਕ ਏਐਸਆਈ ਦੀ ਲਾਸ਼ ਨੂੰ ਫਿਰੋਜ਼ਪੁਰ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।