ਬਿਜਲੀ ਵਿਭਾਗ ਵੱਲੋਂ ਚਿੱਪ ਵਾਲੇ ਮੀਟਰ ਲਾਉਣ ਦੇ ਵਿਰੁੱਧ ‘ਚ ਕਿਸਾਨਾਂ ਨੇ ਕੀਤੀ ਜ਼ਬਰਦਸਤ ਨਾਅਰੇਬਾਜ਼ੀ

0
49

ਲਹਿਰਾਗਾਗਾ (TLT) ਬਿਜਲੀ ਵਿਭਾਗ ਵੱਲੋਂ ਨੇੜਲੇ ਪਿੰਡ ਲੇਹਲ ਖੁਰਦ ਵਿਖੇ ਚਿੱਪ ਵਾਲੇ ਮੀਟਰ ਲਾਉਣ ਦਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਜਤਾਇਆ ਹੈ। ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖਿਲਾਫ ਇਸ ਸਮੇਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਰਸੇਵਕ ਸਿੰਘ, ਜਗਦੀਪ ਸਿੰਘ, ਜੈਦੀਪ ਸਿੰਘ ਤੇ ਬਜ਼ੁਰਗ ਔਰਤ ਤੇਜ ਕੌਰ ਨੇ ਪੱਤਰਕਾਰਾਂ ਨੂੰ ਇਸ ਸਮੇਂ ਦੱਸਿਆ, ਕਿ ਸਰਕਾਰ ਹਰ ਰੋਜ਼ ਲੋਕ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ। ਜਿਸ ਤਹਿਤ ਅੱਜ ਪਿੰਡ ਦੇ ਵਾਟਰ ਵਰਕਸ ਵਿਖੇ ਚਿੱਪ ਵਾਲਾ ਮੀਟਰ ਲਗਾਇਆ ਗਿਆ। ਜਿਸਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ। ਕਿਉਂਕਿ ਇਹ ਮਿਹਨਤਕਸ਼ ਲੋਕਾਂ ਦੇ ਹੱਕਾਂ ਤੇ ਡਾਕਾ ਹੈ।

ਉਨ੍ਹਾਂ ਦੱਸਿਆ ਕਿ ਆਮ ਲੋਕਾਂ ਕੋਲ ਪੈਸੇ ਨਹੀਂ ਹੁੰਦੇ। ਜੇਕਰ ਇਕ ਸਮੇਂ ਬਿੱਲ ਨਹੀਂ ਭਰਿਆ ਜਾਂਦਾ ਤਾਂ ਅਗਲੇ ਮਹੀਨੇ ਸਮੇਤ ਜੁਰਮਾਨਾ ਭਰ ਦਿੱਤਾ ਜਾਂਦਾ ਹੈ ਅਤੇ ਲਾਈਟ ਚਲਦੀ ਰਹਿੰਦੀ ਹੈ। ਜਿਸ ਨਾਲ ਪਸ਼ੂਆਂ ਨੂੰ ਪਾਣੀ ਪਿਆਇਆ ਜਾ ਸਕਦਾ ਹੈ, ਪ੍ਰੰਤੂ ਹੁਣ ਇਨ੍ਹਾਂ ਚਿੱਪ ਵਾਲੇ ਮੀਟਰਾਂ ਰਾਹੀਂ ਪੈਸੇ ਖਤਮ ਹੋਣ ਤੇ ਲਾਇਟ ਵੀ ਤੁਰੰਤ ਖ਼ਤਮ ਹੋ ਜਾਵੇਗੀ। ਉਕਤ ਆਗੂਆਂ ਨੇ ਕਿਹਾ, ਕਿ ਮੋਦੀ ਸਰਕਾਰ ਅਤੇ ਸੂਬਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਚੱਲ ਰਹੀ ਹੈ। ਸਰਕਾਰ ਨੇ ਜਿਵੇ ਕੋਰੋਨਾ ਵੈਕਸੀਨ ਧੱਕੇ ਨਾਲ ਹਰੇਕ ਵਿਅਕਤੀ ਤੇ ਲਾਗੂ ਕਰ ਦਿੱਤੀ , ਇਸੇ ਤਰ੍ਹਾਂ ਇਹ ਚਿੱਪ ਵਾਲੇ ਮੀਟਰ ਵੀ ਧੱਕੇ ਨਾਲ ਹਰੇਕ ਘਰ ਲਾਗੂ ਕਰਨ ਦੀ ਸਰਕਾਰ ਦੀ ਮਨਸਾ ਹੈ।ਤੇਜ ਕੌਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਇਹ ਮੀਟਰ ਲਾਉਣ ਆਇਆ ਤਾਂ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਅਤੇ ਲੱਗੇ ਮੀਟਰ ਸੋਟਿਆ ਨਾਲ ਭੰਨ ਦਿੱਤੇ ਜਾਣਗੇ। ਉਨ੍ਹਾਂ ਮੋਦੀ ਸਰਕਾਰ ਤੇ ਵਰ੍ਹਦਿਆਂ ਕਿਹਾ, ਕਿ ਸਾਡੇ ਕੋਲ ਰੋਟੀ ਅਤੇ ਪਾਣੀ ਹੀ ਬਾਕੀ ਰਹਿ ਗਿਆ ਹੈ। ਜੋ ਮੋਦੀ ਸਰਕਾਰ ਕਿਸਾਨ ਵਿਰੋਧੀ ਬਿੱਲ ਲਿਆ ਕੇ ਸਾਡੇ ਕੋਲੋਂ ਰੋਟੀ ਅਤੇ ਪਾਣੀ ਵੀ ਖੋਹਣਾ ਚਾਹੁੰਦੀ ਹੈ।ਜਿਸਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਮੇਂ ਆਗੂਆਂ ਨੇ ਬਿਜਲੀ ਵਿਭਾਗ ਨੂੰ ਫੋਨ ਤੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਪਹਿਲਾ ਮੀਟਰ ਨਾ ਪੁੱਟਿਆ ਅਤੇ ਹੋਰ ਲਾਉਣੇ ਬੰਦ ਨਾ ਕੀਤੇ ਤਾਂ ਜ਼ਬਰਦਸਤ ਸੰਘਰਸ਼ ਵਿੱਢਿਆ ਜਾਵੇਗਾ।