ਜਲੰਧਰ ’ਚ ਬਜ਼ੁਰਗ ਔਰਤ ਦੀ ਬੇਰਹਿਮੀ ਨਾਲ ਹੱਤਿਆ

0
88

ਜਲੰਧਰ (TLT) ਜਲੰਧਰ ਅੰਮ੍ਰਿਤਸਰ ਮਾਰਗ ‘ਤੇ ਥਾਣਾ ਡਿਵੀਜ਼ਨ 1 ਅਧੀਨ ਆਉਂਦੇ ਇਲਾਕੇ ਸੰਤ ਵਿਹਾਰ ‘ਚ ਸਾਬਕਾ ਫ਼ੌਜੀ ਦੀ ਬਜ਼ੁਰਗ ਪਤਨੀ ਬਲਬੀਰ ਕੌਰ ਦੇ ਹੱਥ ਬੰਨ੍ਹ ਕੇ ਤੇ ਗਲ਼ਾ ਘੁੱਟ ਕੇ ਕਤਲ ਕਰਨ ਦੀ ਸੂਚਨਾ ਹੈ। ਘਰ ਦੇ ਅੰਦਰ ਪਏ ਟਰੰਕ ਦੇ ਜਿੰਦਰੇ ਖੁੱਲ੍ਹੇ ਪਾਏ ਗਏ, ਜਦ ਕਿ ਔਰਤ ਦੇ ਗਲੇ ਵਿੱਚ ਚੇਨ ਪਈ ਹੋਈ ਹੈ। ਮੌਕੇ ‘ਤੇ ਡੀਸੀਪੀ ਗੁਰਮੀਤ ਸਿੰਘ ਸਮੇਤ ਥਾਣਾ ਡਿਵੀਜ਼ਨ 1 ਦੇ ਥਾਣਾ ਮੁਖੀ ਰਸ਼ਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ। ਜਿਨ੍ਹਾਂ ਵੱਲੋਂ ਮੌਕੇ ‘ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।ਪੁਲਿਸ ਨੇ ਮੌਕੇ ‘ਤੇ ਜਾਂਚ ਲਈ ਡਾਗ ਸਕਾਡ ਦੀ ਸਹਾਇਤਾ ਲਈ। ਪੁਲਿਸ ਵੱਲੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਤਲ ਦੇਰ ਰਾਤ ਹੋਇਆ ਲੱਗ ਰਿਹਾ ਹੈ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਬਜ਼ੁਰਗ ਔਰਤ ਦੇ ਫ਼ੌਜੀ ਪਤੀ ਦੀ ਮੌਤ ਉਪਰੰਤ ਬਜ਼ੁਰਗ ਔਰਤ ਘਰ ਵਿੱਚ ਇਕੱਲੀ ਰਹਿ ਰਹੀ ਸੀ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਘਰ ਵਿਚ ਚੋਰੀ ਵੀ ਹੋਈ ਸੀ। ਔਰਤ ਦੇ ਕਤਲ ਸਬੰਧੀ ਆਸ-ਪਾਸ ਦੇ ਲੋਕਾਂ ਵੱਲੋਂ ਉਸ ਵੇਲੇ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਦ ਘਰ ਵਿੱਚ ਦੁੱਧ ਦੇਣ ਵਾਲਾ ਵਿਅਕਤੀ ਪੁੱਜਾ ਤਾਂ ਉਸ ਵੱਲੋਂ ਕਈ ਵਾਰ ਦਰਵਾਜ਼ਾ ਖੜਕਾਉਣ ਉਪਰੰਤ ਔਰਤ ਵੱਲ ਦਰਵਾਜ਼ਾ ਨਾ ਖੋਲ੍ਹਿਆ ਗਿਆ ਤਾਂ ਉਸ ਵਲੋਂ ਆਸਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ ਤਾਂ ਲੋਕਾਂ ਨੇ ਜਦੋਂ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਜ਼ਮੀਨ ‘ਤੇ ਔਰਤ ਦੀ ਲਾਸ਼ ਪਈ ਹੋਈ ਸੀ।