ਜ਼ਮੀਨ ਵਾਹੁਣ ਤੋਂ ਰੋਕਿਆ ਤਾਂ ਕੀਤੇ ਫਾਇਰ, 15 ਖਿਲਾਫ ਪਰਚਾ ਦਰਜ

0
38

ਫਿਰੋਜ਼ਪੁਰ (TLT) ਜ਼ੀਰਾ ਰੋਡ ਸਥਿਤ ਪਿੰਡ ਚੰਗਾਲੀ ਕਦੀਮ ਵਿਖੇ ਧੱਕੇ ਨਾਲ ਜ਼ਮੀਨ ਵਾਹੁਣ ਤੋਂ ਰੋਕਣ ‘ਤੇ ਰਾਈਫਲ ਨਾਲ ਫਾਇਰ ਕਰਨ ਦੇ ਦੋਸ਼ ‘ਚ ਥਾਣਾ ਮੱਲਾਂਵਾਲਾ ਦੀ ਪੁਲਿਸ ਨੇ 5 ਬਾਏ ਨੇਮ ਵਿਅਕਤੀਆਂ ਸਮੇਤ 8-10 ਅਣਪਛਾਤੇ ਵਿਅਕਤੀਆਂ ਖਿਲਾਫ 307, 379, 506, 447, 427, 511 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਅਵਨੀਤ ਸਿੰਘ ਨੇ ਦੱਸਿਆ ਕਿ ਦਰਖ਼ਾਸਤ ਨੰਬਰ 1332 ਪੀਸੀ ਰਾਹੀਂ ਗੁਰਚਰਨ ਸਿੰਘ ਪੁੱਤਰ ਫੌਜ਼ਾ ਸਿੰਘ ਵਾਸੀ ਪਿੰਡ ਚੰਗਾਲੀ ਕਦੀਮ ਨੇ ਦੱਸਿਆ ਕਿ ਉਸ ਕੋਲ 3 ਏਕੜ 4 ਕਨਾਲ ਜ਼ਮੀਨ ਪਿੰਡ ਚੰਗਾਲੀ ਕਦੀਮ ਵਿਖੇ ਹੈ, ਜਿਸ ‘ਤੇ ਉਹ 30 ਸਾਲਾਂ ਤੋਂ ਵੱਖ-ਵੱਖ ਫਸਲਾਂ ਦੀ ਕਾਸ਼ਤ ਕਰਦਾ ਆ ਰਿਹਾ ਹੈ। ਗੁਰਚਰਨ ਸਿੰਘ ਨੇ ਦੱਸਿਆ ਕਿ ਮਿਤੀ 27 ਅਪ੍ਰੈਲ 2021 ਨੂੰ ਕਰੀਬ 11 ਵਜੇ ਸਵੇਰੇ ਦੋਸ਼ੀਅਨ ਜੁਗਰਾਜ ਸਿੰਘ ਪੁੱਤਰ ਫੌਜ਼ਾ ਸਿੰਘ, ਜਗਜੀਤ ਸਿੰਘ ਪੁੱਤਰ ਜਗੀਰ ਸਿੰਘ, ਲਖਵੀਰ ਸਿੰਘ ਉਰਫ ਲੱਡੂ ਪੁੱਤਰ ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਉਰਫ ਫੌਜ਼ੀ ਪੁੱਤਰ ਕਸ਼ਮੀਰ ਸਿੰਘ, ਬਲਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਯਾਰੇ ਸ਼ਾਹ ਵਾਲਾ ਤੇ 8-10 ਵੱਲੋਂ ਉਸ ਦੀ 9 ਕਨਾਲਾਂ ਜ਼ਮੀਨ ਧੱਕੇ ਨਾਲ ਵਾਹੁਣ ਲੱਗੇ ਤਾਂ ਉਸ ਨੇ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀ ਨੇ 315 ਬੋਰ ਰਾਈਫਲ ਨਾਲ ਉਸ ‘ਤੇ ਮਾਰ ਦੇਣ ਦੀ ਨੀਯਤ ਨਾਲ ਸਿੱਧਾ ਫਾਇਰ ਕੀਤਾ, ਜੋ ਉਸ ਨੇ ਲੰਮਾ ਪੈ ਕੇ ਆਪਣੀ ਜਾਨ ਬਚਾਈ। ਦੋਸ਼ੀ ਜਾਂਦੇ ਸਮੇਂ ਲਲਕਾਰੇ ਮਾਰਦੇ ਹੋਏ ਉਸ ਦਾ ਸੁਹਾਗਾ, ਕਹੀ ਤੇ ਤਰੰਗਲੀ ਵੀ ਚੋਰੀ ਕਰਕੇ ਲੈ ਗਏ। ਜਾਂਚਕਰਤਾ ਨੇ ਦੱਸਿਆ ਕਿ ਬਾਅਦ ਵਿਚ ਪੜਤਾਲ ਮਗਰੋਂ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।