ਨਸ਼ੇ ਦੇ ਸੌਦਾਗਰਾਂ ਨੂੰ ਬਚਾਅ ਰਹੇ ਪੁਲਿਸ ਅਫਸਰ! ਹਾਈਕੋਰਟ ਨੇ ਸਖਤ ਰੁਖ਼ ਵਿਖਾਉਂਦਿਆਂ ਸੀਬੀਆਈ ਨੂੰ ਸੌਂਪਿਆ ਮਾਮਲਾ

0
57

ਚੰਡੀਗੜ੍ਹ (TLT) ਪੰਜਾਬ ਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਕਿਹਾ ਹੈ ਕਿ ਪੰਜਾਬ ਦੇ ਅਧਿਕਾਰੀ (Punjab authorities) ਜਾਣਬੁੱਝ ਕੇ ਨਸ਼ਾ ਤਸਕਰਾਂ (drug smugglers) ਦਾ ਬਚਾਅ ਕਰ ਰਹੇ ਹਨ। ਇਸ ਸਖਤ ਟਿੱਪਣੀ ਨਾਲ, ਐਨਡੀਪੀਐਸ ਐਕਟ (NDPS Act) ਅਧੀਨ ਕੇਸ ਦਰਜ ਨਾ ਕਰਨ ਲਈ ਟ੍ਰਾਮਾਡੋਲ ਦੀਆਂ 12 ਲੱਖ ਗੋਲੀਆਂ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਹੈ। ਸੀਬੀਆਈ ਨੂੰ 28 ਅਕਤੂਬਰ ਨੂੰ ਪੇਸ਼ੀ ਮੌਕੇ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

ਹਾਈ ਕੋਰਟ ਨੇ ਕਿਹਾ ਕਿ ਦਸੰਬਰ 2019 ਨੂੰ ਫੂਡ ਐਂਡ ਡ੍ਰੱਗ ਵਿਭਾਗ ਨੇ ਅੰਮ੍ਰਿਤਸਰ ਤੋਂ ਟ੍ਰੈਮਾਡੋਲ ਦੀਆਂ 12 ਲੱਖ ਗੋਲੀਆਂ ਜ਼ਬਤ ਕੀਤੀਆਂ ਸਨ। ਡ੍ਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਇਹ ਪਾਬੰਦੀਸ਼ੁਦਾ ਦਵਾਈ ਸੀ ਤੇ ਐਨਡੀਪੀਐਸ ਦਾ ਕੇਸ ਦਰਜ ਹੋਣਾ ਚਾਹੀਦਾ ਸੀ। ਹਲਫ਼ੀਆ ਬਿਆਨ ਵਿੱਚ ਵੀ, ਪੰਜਾਬ ਦੇ ਅਧਿਕਾਰੀਆਂ ਨੇ 12 ਲੱਖ ਟ੍ਰਾਮਾਡੋਲ ਗੋਲੀਆਂ ਦੇ ਬੈਚ ਨੰਬਰ ਦਾ ਖੁਲਾਸਾ ਨਹੀਂ ਕੀਤਾ ਤੇ ਨਾ ਹੀ ਇੰਨੀਆਂ ਗੋਲੀਆਂ ਕਿੱਥੇ ਗਈਆਂ।

ਹਾਈ ਕੋਰਟ ਨੇ ਇਸ ‘ਤੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਨਾ ਸਿਰਫ ਵੱਡੀ ਲਾਪ੍ਰਵਾਹੀ ਹੈ, ਸਗੋਂ ਪੰਜਾਬ ਪੁਲਿਸ ਤੇ ਡ੍ਰੱਗ ਕੰਟਰੋਲਰ ਨੇ ਇਸ ਮਾਮਲੇ ‘ਚ ਕੁਝ ਨਹੀਂ ਕੀਤਾ ਹੈ। ਇਹ ਕੋਈ ਆਮ ਮਾਮਲਾ ਨਹੀਂ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਐਨਡੀਪੀਐਸ ਕੇਸਾਂ ਦੀ ਪੰਜਾਬ ਵਿੱਚ ਆਮ ਢੰਗ ਨਾਲ ਜਾਂਚ ਨਹੀਂ ਹੋ ਰਹੀ ਹੈ।