ਮਾਮੂਲੀ ਬਹਿਸ ਤੋਂ ਬਾਅਦ ਨੌਜਵਾਨਾਂ ਦੀ ਰਾਡ ਨਾਲ ਕੀਤੀ ਕੁੱਟਮਾਰ

0
44

ਲੁਧਿਆਣਾ (TLT) ਮਾਮੂਲੀ ਬਹਿਸ ਨੇ ਇਸ ਕਦਰ ਝਗੜੇ ਦਾ ਰੂਪ ਧਾਰਨ ਕਰ ਲਿਆ ਕੇ ਦੋ ਸਕੇ ਭਰਾਵਾਂ ਨੇ ਕਾਰ ਵਿੱਚੋਂ ਰਾਡ ਕੱਢ ਕੇ ਨੌਜਵਾਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਨੌਜਵਾਨਾਂ ਵੱਲੋਂ ਰੌਲਾ ਪਾਉਣ ਤੇ ਮੁਲਜ਼ਮ ਕਾਰ ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਪ੍ਰੀਤ ਨਗਰ ਨਿਊ ਸ਼ਿਮਲਾਪੁਰੀ ਦੇ ਵਾਸੀ ਗੁਰਪ੍ਰੀਤ ਸਿੰਘ ਦੇ ਬਿਆਨਾਂ ਉੱਪਰ ਅਨਮੋਲ ਸ਼ਰਮਾ ਅਤੇ ਉਸ ਦੇ ਭਰਾ ਸ਼ਿਵਮ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕੇ ਉਹ ਆਪਣੇ ਦੋਸਤ ਅਮਨਦੀਪ ਸਿੰਘ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਦੁੱਗਰੀ ਮੇਨ ਮਾਰਕੀਟ ਦੇ ਕੋਲੋਂ ਲੰਘ ਰਿਹਾ ਸੀ । ਸੜਕ ਉਪਰ ਜਾਮ ਲੱਗਾ ਹੋਣ ਕਾਰਨ ਗੁਰਪ੍ਰੀਤ ਸਿੰਘ ਦਾ ਮੋਟਰਸਾਈਕਲ ਬੰਦ ਹੋ ਗਿਆ । ਸਿਟੀ ਹੌਂਡਾ ਕਾਰ ਤੇ ਸਵਾਰ ਹੋ ਕੇ ਆਏ ਅਨਮੋਲ ਅਤੇ ਸ਼ਿਵਮ ਨੇ ਲਗਾਤਾਰ ਕਾਰ ਦਾ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ । ਹਾਰਨ ਬੰਦ ਕਰਨ ਦਾ ਇਸ਼ਾਰਾ ਦੇਣ ਤੇ ਦੋਵੇਂ ਭਰਾ ਬੁਰੀ ਤਰ੍ਹਾਂ ਗੁੱਸੇ ਵਿੱਚ ਆ ਗਏ । ਮਾਮੂਲੀ ਬਹਿਸ ਤੋਂ ਬਾਅਦ ਅਨਮੋਲ ਅਤੇ ਸ਼ਿਵਮ ਨੇ ਕਾਰ ਚੋਂ ਲੋਹੇ ਦੀ ਰਾਡ ਕੱਢ ਲਈ ਤੇ ਗੁਰਪ੍ਰੀਤ ਸਿੰਘ ਅਤੇ ਉਸਦੇ ਦੋਸਤ ਅਮਨਦੀਪ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਦੋਵਾਂ ਨੌਜਵਾਨਾਂ ਨੂੰ ਕਈ ਸੱਟਾਂ ਲੱਗੀਆਂ। ਨੌਜਵਾਨਾਂ ਵੱਲੋਂ ਰੌਲਾ ਪਾਉਣ ਤੇ ਲੋਕਾਂ ਨੂੰ ਇਕੱਠਿਆਂ ਹੁੰਦਿਆਂ ਦੇਖ ਮੁਲਜ਼ਮ ਕਾਰ ਤੇ ਸਵਾਰ ਹੋ ਕੇ ਫ਼ਰਾਰ ਹੋ ਗਏ।ਇਸ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਏ ਐੱਸ ਆਈ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਦੋਵਾਂ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।