ਫ਼ੇਸਬੁੱਕ ਨੂੰ ਇਕੱਲੇ ਭਾਰਤ ’ਚੋਂ 7,400 ਕਰੋੜ ਰੁਪਏ ਤੋਂ ਵੱਧ ਦੀ ਆਮਦਨ

0
38

ਚੰਡੀਗੜ੍ਹ (TLT)  ਮਾਰਕ ਜ਼ਕਰਬਰਗ ਦੇ ‘ਫ਼ੇਸਬੁੱਕ ਗਰੁੱਪ’ ਨੂੰ ਇਕੱਲੇ ਭਾਰਤ ’ਚੋਂ 1 ਅਰਬ ਡਾਲਰ ਦੀ ਕਮਾਈ ਹੋਈ ਹੈ; ਜੋ 7,400 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਣਦੀ ਹੈ। ਕੋਰੋਨਾਵਾਇਰਸ ਮਹਾਮਾਰੀ ਕਾਰਣ ਲੌਕਡਾਊਨ ਦੌਰਾਨ ਫ਼ੇਸਬੁੱਕ, ਇੰਸਟਾਗ੍ਰਾਮ ਤੇ ਵ੍ਹਟਸਐਪ ਜਿਹੇ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ਦੀ ਬਹੁਤ ਜ਼ਿਆਦਾ ਚੜ੍ਹਤ ਹੋਈ ਹੈ। ਅਨੁਮਾਨ ਹੈ ਕਿ ਭਾਰਤ ’ਚ ‘ਫ਼ੇਸਬੁੱਕ ਗਰੁੱਪ’ ਦੀ ਆਮਦਨ ਸਾਲ 2020-21 ਦੌਰਾਨ 9,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੋ ਜਾਵੇਗੀ।

ਪਿਛਲੇ ਵਿੱਤੀ ਵਰ੍ਹੇ ਦੌਰਾਨ ਇਸੇ ਗਰੁੱਪ ਦੀ ਸਾਲਾਨਾ ਆਮਦਨ 6,613 ਕਰੋੜ ਰੁਪਏ ਸੀ। ਹਾਲੇ ਅਸਲ ਅੰਕੜਿਆਂ ਦੀ ਪੁਸ਼ਟੀ ਹੋਣੀ ਬਾਕੀ ਹੈ ਕਿਉਂਕਿ ਰਜਿਸਟਰਾਰ ਆਫ਼ ਕੰਪਨੀਜ਼ ਕੋਲ ਪੂਰੇ ਅੰਕੜੇ ਨਹੀਂ ਪੁੱਜੇ ਹਨ।

‘ਫ਼ੇਸਬੁੱਕ ਗਰੁੱਪ’ ਨੂੰ ਸਾਲ 2018-19 ਦੌਰਾਨ 2,254 ਕਰੋੜ ਰੁਪਏ ਦੀ ਆਮਦਨ ਹੋਈ ਸੀ। ਪਿਛਲੇ ਵਰ੍ਹੇ ਲੌਕਡਾਊਨ ਨੇ ਇਸ ਗਰੁੱਪ ਦੀ ਕਮਾਈ ਨੂੰ ਕਈ ਗੁਣਾ ਵਧਾ ਦਿੱਤਾ ਹੈ। ਭਾਰਤ ’ਚ ‘ਫ਼ੇਸਬੁੱਕ’ ਦੇ ਐੱਮਡੀ ਅਜੀਤ ਮੋਹਨ ਨੇ ਕਿਹਾ ਕਿ ਡਿਜੀਟਲ ਮਜ਼ਬੂਤ ਹੋ ਰਿਹਾ ਹੈ ਤੇ ਔਨਲਾਈਨ ਇਸ਼ਤਿਹਾਰਬਾਜ਼ੀ ਦਾ ਰੁਝਾਨ ਵਧਦਾ ਜਾ ਰਿਹਾ ਹੈ। ਵੱਡੀਆਂ-ਵੱਡੀਆਂ ਕੰਪਨੀਆਂ ਵੀ ਹੁਣ ਔਨਲਾਈਨ ਐਡਵਰਟਾਈਜ਼ਿੰਗ ਉੱਤੇ ਆਪਣੇ ਖ਼ਰਚੇ ਵਧਾ ਰਹੀਆਂਹਨ।