ਫਗਵਾੜਾ ਵਿਖੇ 500 ਐਲ.ਪੀ.ਐਮ ਦੀ ਸਮਰੱਥਾ ਵਾਲਾ ਆਕਸੀਜਨ ਪਲਾਂਟ ਸ਼ੁਰੂ

0
39

ਵਿਧਾਇਕ ਧਾਲੀਵਾਲ ਤੇ ਡਿਪਟੀ ਕਮਿਸ਼ਨਰ ਵਲੋਂ ਉਦਘਾਟਨ


ਫਗਵਾੜਾ (TLT) ਕਪੂਰਥਲਾ ਜਿਲ੍ਹੇ ਦਾ ਪਹਿਲਾ ਪੀ.ਐਸ.ਏ. ਅਧਾਰਿਤ ਆਕਸੀਜਨ ਪਲਾਂਟ ਫਗਵਾੜਾ ਵਿਖੇ ਸ਼ੁਰੂ ਹੋ ਗਿਆ ਹੈ, ਜਿਸਦੀ ਸਮਰੱਥਾ 500 ਐਲ.ਪੀ.ਐਮ. (ਲੀਟਰ ਪ੍ਰਤੀ ਮਿੰਟ) ਹੈ। ਇਸ ਨਾਲ ਫਗਵਾੜਾ ਸਿਵਲ ਹਸਪਤਾਲ ਵਿਖੇ ਆਕਸੀਜਨ ਦੀ ਸਪਲਾਈ ਹੋਵੇਗੀ ਅਤੇ ਆਕਸੀਜਨ ਦੀ ਕਮੀ ਪੂਰੀ ਹੋਣ ਨਾਲ ਕੋਵਿਡ ਵਿਰੁੱਧ ਲੜਾਈ ਤੇ ਹੋਰਨਾਂ ਮੈਡੀਕਲ ਸੇਵਾਵਾਂ ਵਿਚ ਵੱਡਾ ਸੁਧਾਰ ਹੋਵੇਗਾ। 

ਪਲਾਂਟ ਦਾ ਉਦਘਾਟਨ ਸਿਵਲ ਹਸਪਤਾਲ ਫਗਵਾੜਾ ਵਿਖੇ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਕੀਤਾ ਗਿਆ। ਇਸਦੀ ਸਥਾਪਨਾ ਵਿਚ ਆਈ.ਟੀ.ਸੀ. , ਜੀ.ਐਨ.ਏ. ਯੂਨੀਵਰਸਿਟੀ ਤੇ ਜੀ.ਐਨ.ਏ. ਐਕਸਲ ਵਲੋਂ ਵੱਡਮੁੱਲਾ ਯੋਗਦਾਨ ਦਿੱਤਾ ਗਿਆ।

ਇਸ ਮੌਕੇ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ ਦੀ ਦੂਜੀ ਲਹਿਰ ਵਿਚ ਆਕਸੀਜਨ ਦੀ ਕਮੀ ਕਾਰਨ ਪੇਸ਼ ਆਈਆਂ ਦਿੱਕਤਾਂ ਦੇ ਮੱਦੇਨਜ਼ਰ ਪੀ.ਐਸ.ਏ. ਅਧਾਰਿਤ ਪਲਾਂਟ ਲਗਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਫਗਵਾੜਾ ਵਿਖੇ ਲੱਗਾ 500 ਐਲ.ਪੀ.ਐਮ. ਦੀ ਸਮਰੱਥਾ ਵਾਲਾ ਪੀ.ਐਸ.ਏ. (ਪ੍ਰੈਸ਼ਰ ਸਵਿੰਗ ਅਸ਼ੋਰਪਸ਼ਨ) ਪਲਾਂਟ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ, ਜੋ ਕਿ ਹਵਾ ਵਿਚੋਂ ਆਕਸੀਜਨ ਲੈ ਕੇ ਉਸਨੂੰ ਮਨੁੱਖੀ ਸਿਹਤ ਲਈ ਪ੍ਰਦਾਨ ਕਰਨ ਦੇ ਯੋਗ ਬਣਾਵੇਗਾ। 

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਕਪੂਰਥਲਾ ਤੇ ਫਗਵਾੜਾ ਵਿਖੇ ਆਕਸੀਜਨ ਦੇ ਪਲਾਂਟ ਲੱਗਣੇ ਹਨ, ਜਿਸ ਵਿਚੋਂ ਫਗਵਾੜਾ ਤੋਂ ਬਾਅਦ ਕਪੂਰਥਲਾ ਵਿਖੇ ਵੀ ਆਕਸੀਜਨ ਪਲਾਂਟ ਦਾ ਕੰਮ ਪੂਰਾ ਹੋ ਗਿਆ ਹੈ, ਜਿਸ ਨਾਲ ਜਿਲ੍ਹੇ ਵਿਚ ਆਕਸੀਜਨ ਦੀ ਕਮੀ ਬਿਲਕੁਲ ਦੂਰ ਹੋ ਜਾਵੇਗੀ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ, ਐਸ.ਡੀ.ਐਮ. ਸ਼ਾਇਰੀ ਮਲਹੋਤਰਾ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਆਈ.ਟੀ.ਸੀ. ਤੋਂ ਅਮਿਤ ਸ਼ਰਮਾ, ਜੀ.ਐਨ.ਏ. ਐਕਸਲ ਤੋਂ ਕੁਲਵਿਨ ਸ਼ੇਰਾ, ਜੀ.ਐਨ.ਏ. ਯੂਨੀਵਰਸਿਟੀ ਤੋਂ ਗੁਰਦੀਪ ਸਿੰਘ, ਐਸ.ਐਮ.ਓ. ਡਾ. ਲਹਿੰਬਰ ਰਾਮ, ਚੇਅਰਮੈਨ ਨਰੇਸ਼ ਭਾਰਦਵਾਜ, ਸ਼ਹਿਰੀ ਪ੍ਰਧਾਨ ਕਾਂਗਰਸ ਸੰਜੀਵ ਬੁੱਗਾ ਆਦਿ ਹਾਜ਼ਰ ਸਨ।