ਸਿਰ ਵਿੱਚ ਬਾਲੇ ਮਾਰ ਕੇ ਅਧੇੜ ਵਿਅਕਤੀ ਨੂੰ ਕੀਤਾ ਫੱਟੜ

0
46

ਲੁਧਿਆਣਾ (TLT) ਕਾਰ ਉੱਪਰ ਕੰਧ ਡਿੱਗਣ ਦਾ ਮਸਲਾ ਇਸ ਕਦਰ ਵਧ ਗਿਆ ਕਿ ਹਮਲਾਵਰਾਂ ਨੇ ਕਾਰ ਦੇ ਮਾਲਕ ਦੇ ਸਿਰ ਵਿਚ ਬਾਲਿਆਂ ਨਾਲ ਵਾਰ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ। ਮੁਲਜ਼ਮ ਲਹੂ ਲੁਹਾਨ ਹਾਲਤ ‘ਚ ਉਸ ਨੂੰ ਸੜਕ ‘ਤੇ ਹੀ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਹੋਏ ਵਿਅਕਤੀ ਸਾਬਰ ਹੁਸੈਨ ਦੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਕੈਂਸਰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦੇ ਸਿਰ ਵਿੱਚ ਦੋ ਦਰਜਨ ਤੋਂ ਵੱਧ ਟਾਂਕੇ ਲੱਗੇ। ਇਸ ਮਾਮਲੇ ‘ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਵਿਸ਼ਵਕਰਮਾ ਕਾਲੋਨੀ ਦੇ ਰਹਿਣ ਵਾਲੇ ਸਾਬਰ ਹੁਸੈਨ ਦੇ ਬਿਆਨਾਂ ਉੱਪਰ ਵਿਸ਼ਕਰਮਾ ਕਾਲੋਨੀ ਦੇ ਹੀ ਵਾਸੀ ਰਣਜੀਤ ਸਿੰਘ, ਹਰਦੀਪ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਸਾਬਰ ਹੁਸੈਨ ਨੇ ਦੱਸਿਆ ਕਿ ਉਸ ਨੇ ਗਲੀ ਵਿੱਚ ਆਪਣੀ ਗੱਡੀ ਖੜ੍ਹੀ ਕੀਤੀ ਹੋਈ ਸੀ। ਮੁਲਜ਼ਮਾਂ ਦੇ ਮਕਾਨ ਦੀ ਕੰਧ ਉਸ ਦੀ ਗੱਡੀ ਉਪਰ ਡਿੱਗ ਪਈ। ਹੋਏ ਨੁਕਸਾਨ ਦਾ ਹਰਜਾਨਾ ਮੰਗਣ ‘ਤੇ ਮਾਮਲਾ ਬੇਹੱਦ ਵਧ ਗਿਆ। ਸਾਬਰ ਹੁਸੈਨ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਅਤੇ ਹਰਦੀਪ ਸਿੰਘ ਨੇ ਆਪਣੇ ਤਿੰਨ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਲਜ਼ਮਾਂ ਨੇ ਲੱਕੜ ਦੇ ਬਾਲੇ ਨਾਲ ਸਾਬਰ ਹੁਸੈਨ ਦੇ ਸਿਰ ਵਿਚ ਤਿੰਨ ਵਾਰ ਕੀਤੇ। ਲਹੂ ਲੁਹਾਨ ਹਾਲਤ ‘ਚ ਸਾਬਰ ਹੁਸੈਨ ਨੂੰ ਸੜਕ ‘ਤੇ ਹੀ ਸੁੱਟ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੋਤੀ ਨਗਰ ਦੇ ਏ ਐੱਸ ਆਈ ਮੇਵਾ ਰਾਮ ਨੇ ਦੱਸਿਆ ਕਿ ਪੁਲਿਸ ਨੇ ਸਾਬਰ ਹੁਸੈਨ ਦੇ ਬਿਆਨਾਂ ਉਪਰ ਰਣਜੀਤ ਸਿੰਘ ,ਹਰਦੀਪ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।