ਗੈਰਕਾਨੂੰਨੀ ਲਾਟਰੀ ਕਾਰੋਬਾਰ ਖਿਲਾਫ ਛਾਪੇਮਾਰੀ ਦੌਰਾਨ 11 ਵਿਅਕਤੀ ਗ੍ਰਿਫਤਾਰ

0
62

ਪੁਲਿਸ ਨੇ 59900 ਰੁਪਏ ਨਗਦ, ਮੋਬਾਈਲ ਫੋਨ, ਮੋਟਰਸਾਈਕਲ, ਸਵਿਫਟ ਕਾਰ ਸਮੇਤ ਗੈਰ ਕਾਨੂੰਨੀ ਜੂਆ ਸਮੱਗਰੀ ਕੀਤੀ ਬਰਾਮਦ

ਕਪੂਰਥਲਾ (TLT) ਸ਼ਹਿਰ ਵਿੱਚ ਚੱਲ ਰਹੇ ਨਾਜਾਇਜ਼ ਲਾਟਰੀ ਸੈਂਟਰਾਂ ਖ਼ਿਲਾਫ਼ ਇੱਕ ਵੱਡੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਓਹਨਾਂ ਕੋਲੋਂ 59900 ਰੁਪਏ ਦੀ ਨਕਦੀ, ਮੋਬਾਈਲ ਫੋਨ, ਇੱਕ ਮੋਟਰਸਾਈਕਲ ਅਤੇ ਇੱਕ ਸਵਿਫਟ ਕਾਰ ਜ਼ਬਤ ਕੀਤੇ ਹਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਨੀਲ, ਮਨੋਜ ਕੁਮਾਰ, ਜਗਮੋਹਨ, ਸੁਖਵਿੰਦਰ ਸਿੰਘ, ਸੁਖਪਾਲ ਸਿੰਘ, ਬਲਵਿੰਦਰ ਸਿੰਘ, ਕਰਮਜੀਤ ਸਿੰਘ, ਕੁਲਵਿੰਦਰ ਸਿੰਘ, ਮੁਨੀਸ਼ ਮਹਿਤਾ, ਅਮਨ ਅਤੇ ਅਮਰਜੀਤ ਸਿੰਘ ਵਜੋਂ ਹੋਈ ਹੈ।ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਛਾਪੇਮਾਰੀ ਸ਼ਹਿਰ ਵਿਚ ਚੱਲ ਰਹੇ ਗੈਰ ਕਾਨੂੰਨੀ ਲਾਟਰੀ/ਪਰਚੀ /ਦੜਾ-ਸੱਟਾ ਦੀ ਵਿਕਰੀ ਨੂੰ ਰੋਕਣ ਲਈ ਐਸਪੀ (ਜਾਂਚ) ਅਤੇ ਡੀਐਸਪੀ (ਜਾਂਚ) ਦੀ ਨਿਗਰਾਨੀ ਹੇਠ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰਤ ਲਾਟਰੀ ਸੈਂਟਰਾਂ ਦੇ ਬਹਾਨੇ ਚੱਲ ਰਹੇ ਗੈਰ ਕਾਨੂੰਨੀ ਲਾਟਰੀ ਸਟਾਲਾਂ ਦੀ ਇਕੋ ਸਮੇਂ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ।ਐਸਐਸਪੀ ਨੇ ਦੱਸਿਆ ਕਿ ਟੀਮਾਂ ਨੇ ਸਿਟੀ ਥਾਣਾ ਕਪੂਰਥਲਾ ਦੇ ਗਿਆਨ ਨਾਥ ਡੇਰੇ ਅਤੇ ਥਾਣਾ ਢਿਲਵਾਂ ਦੇ ਮਿਆਣੀ-ਬਾਕਰਪੁਰ ਇਲਾਕਿਆਂ ਵਿਚ ਲਾਟਰੀ ਸੈਂਟਰਾਂ ਦੀ ਚੈਕਿੰਗ ਕੀਤੀ ਅਤੇ ਇਸ ਗੈਰਕਾਨੂੰਨੀ ਧੰਦੇ ਵਿਚ ਸ਼ਾਮਲ ਹੋਣ ਅਤੇ ਲੋਕਾਂ ਨੂੰ ਧੋਖਾ ਦੇਣ ਲਈ ਗਿਆਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਦੋਸ਼ੀਆਂ ਕੋਲੋਂ 59900 ਰੁਪਏ ਨਕਦ, ਮੋਬਾਈਲ ਫੋਨ, ਇਕ ਮੋਟਰਸਾਈਕਲ, ਸਵਿਫਟ ਕਾਰ ਅਤੇ ਹੋਰ ਜੂਆ ਸਮੱਗਰੀ ਜ਼ਬਤ ਕੀਤੇ ਹਨ ਅਤੇ ਇਸ ਸਬੰਧੀ ਥਾਣਾ ਸਿਟੀ ਕਪੂਰਥਲਾ ਅਤੇ ਢਿਲਵਾਂ ਵਿਖੇ ਆਈਪੀਸੀ ਦੀ ਧਾਰਾ 420 ਅਤੇ ਜੂਆ ਏਕਟ ਦੀ ਧਾਰਾ 13 ਏ -3-67 ਤਹਿਤ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।ਐਸਐਸਪੀ ਖੱਖ ਨੇ ਦੱਸਿਆ ਕਿ ਦੋਸ਼ੀ ਨਾ ਸਿਰਫ ਲੋਕਾਂ ਨੂੰ ਧੋਖਾ ਦੇ ਰਹੇ ਸਨ ਬਲਕਿ ਸਰਕਾਰੀ ਖਜ਼ਾਨੇ ਦਾ ਨੁਕਸਾਨ ਵੀ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।