ਕਾਰ ਵੱਲੋਂ ਸੈਰ ਕਰਨ ਜਾ ਰਹੇ ਵਿਅਕਤੀਆਂ ਨੂੰ ਟੱਕਰ ਮਾਰਨ ’ਤੇ ਨੌਜਵਾਨ ਦੀ ਮੌਤ, 4 ਗ੍ਰਿਫ਼ਤਾਰ

0
42

ਬਰਨਾਲਾ (TLT) ਸਾਇਕਲ ’ਤੇ ਸੈਰ ਕਰਨ ਜਾ ਰਹੇ ਵਿਅਕਤੀਆਂ ’ਚ ਕਾਰ ਵੱਲੋਂ ਟੱਕਰ ਮਾਰਨ ’ਤੇ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਆਂ ਪੁਲਿਸ ਚੌਂਕੀ ਪੱਖੋਂ ਕੈਂਚੀਆਂ ਦੇ ਥਾਣੇਦਾਰ ਕਮਲਦੀਪ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਵਾਸੀ ਪੱਤੀ ਲਾਲ ਚੰਦ, ਭੋਤਨਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਸਾਥਿਆਂ ਸਮੇਤ ਸੈਰ ਕਰਨ ਲਈ ਮੋਗਾ ਬਰਨਾਲਾ ਰੋਡ ’ਤੇ ਪੱਖੋਂ ਕੈਂਚੀਆਂ ਵੱਲ ਜਾ ਰਿਹਾ ਸੀ ਤਾਂ ਜਦੋਂ ਉਹ ਮੱਲ੍ਹੀ ਦਾ ਢਾਬਾ ਕੋਲ ਪੁੱਜੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰੀ ਅਲਟੋ ਕੇ10 ਨੰਬਰ ਪੀਬੀ 19ਆਰ 9080 ਕਾਰ ਦੇ ਡਰਾਇਵਰ ਨੇ ਬੜੀ ਲਾਪਰਵਾਹੀ ਨਾਲ ਕਾਰ ਲਿਆ ਕੇ ਜਗਦੀਪ ਸਿੰਘ ਤੇ ਸੁਖਵਿੰਦਰ ਸਿੰਘ ਦੇ ਸਾਇਕਲਾਂ ’ਚ ਮਾਰੀ, ਜਿਸ ਕਾਰਨ ਸੁਖਵਿੰਦਰ ਸਿੰਘ ਦੇ ਸਾਇਕਲ ਦੇ ਪਿੱਛੇ ਬੈਠੇ ਹਰਜਿੰਦਰ ਸਿੰਘ ਦੇ ਲੜਕੇ ਪਰਮਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਸੁਖਵਿੰਦਰ ਸਿੰਘ ਤੇ ਜਗਦੀਪ ਸਿੰਘ ਜਖ਼ਮੀ ਹੋ ਗਏ। ਕਾਰ ’ਚ ਸਾਈਕਲ ਫਸਣ ਕਾਰਨ ਕਾਰ ਦਾ ਟਾਇਰ ਫੱਟ ਗਿਆ ਤੇ ਕਾਰ ਰੁੱਕ ਗਈ। ਪੁਲਿਸ ਨੇ ਕਾਰ ਸਵਾਰ ਸੁਖਜਿੰਦਰ ਸਿੰਘ ਵਾਸੀ ਰਟੌਲਾ, ਜਸਵੰਤ ਸਿੰਘ ਵਾਸੀ ਕੋਟਦੁੱਨਾ, ਜਸਵੰਤ ਰਾਮ ਵਾਸੀ ਚੀਮਾ ਤੇ ਲਾਡੀ ਸਿੰਘ ਵਾਸੀ ਤੋਲਾਵਾਲ ਨੂੰ ਗ੍ਰਿਫ਼ਤਾਰ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।