ਚੀਨ ’ਚ ਇਕ ਹਜ਼ਾਰ ਸਾਲ ਦਾ ਸਭ ਤੋਂ ਭਿਆਨਕ ਹੜ੍ਹ, ਹੇਨਾਨ ਸੂਬੇ ‘ਚ ਨਦੀ ਦਾ ਰੁਖ਼ ਮੋੜਨ ਲਈ ਫੌਜ ਨੇ ਬੰਨ੍ਹ ਉਡਾਇਆ

0
64

ਬੀਜਿੰਗ (TLT) ਚੀਨ ਦੇ ਹੇਨਾਨ ਸੂਬੇ ਵਿਚ ਭਿਆਨਕ ਬਾਰਸ਼ ਹੋ ਰਹੀ ਹੈ। ਇਕ ਹਜ਼ਾਰ ਸਾਲ ਵਿਚ ਆਈ ਸਭ ਤੋਂ ਭਿਆਨਕ ਬਾਰਸ਼ ਨਾਲ ਹਡ਼੍ਹ ਵਰਗੇ ਹਾਲਾਤ ਬਣ ਗਏ ਹਨ। ਸ਼ਹਿਰਾਂ ਵਿਚ ਪਾਣੀ ਭਰਨ ਕਾਰਨ ਬਾਜ਼ਾਰ ਅਤੇ ਦਫਤਰ ਡੁੱਬ ਚੁੱਕੇ ਹਨ। ਸੁਰੰਗ ’ਚ ਫਸੀ ਮੈਟਰੋ ’ਚ ਪਾਣੀ ਭਰ ਗਿਆ ਅਤੇ ਸਟੇਸ਼ਨਾਂ ’ਤੇ ਲੋਕ ਫਸੇ ਹੋਏ ਹਨ। ਯਿਚੁਆਨ ਦੇ ਡੈਮ ’ਚ ਦਰਾੜ ਆਉਣ ਕਾਰਨ ਉਸ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਕਈ ਡੈਮ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਏ ਹਨ।

‘ਗਲੋਬਲ ਟਾਈਮਜ਼’ ਦੀ ਰਿਪੋਰਟ ਅਨੁਸਾਰ ਹੜ੍ਹ ਕਾਰਨ 12 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਪੌਣੇ ਦੋ ਲੱਖ ਤੋਂ ਵੱਧ ਲੋਕਾਂ ਨੂੰ ਰਾਹਤ ਦਲਾਂ ਨੇ ਸੁਰੱਖਿਆ ਥਾਵਾਂ ’ਤੇ ਪਹੁੰਚਾ ਦਿੱਤਾ ਹੈ। ਹਾਲੇ ਤਕ 25 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਕਈ ਲੋਕ ਲਾਪਤਾ ਹਨ। ਮੈਟਰੋ ਟਰੇਨ ’ਚ ਤੇਜ਼ੀ ਨਾਲ ਵਧ ਰਹੇ ਹਡ਼੍ਹ ਦੇ ਪਾਣੀ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਮੈਟਰੋ ਸੁਰੰਗਾਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਚੁੱਕੀਆਂ ਹਨ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਰਾਹਤ ਕੰਮ ਮੁਸ਼ਕਲ ਭਰਿਆ ਹੈ। ਹਡ਼੍ਹ ’ਚ ਬੋਧੀ ਭਿਕਸ਼ੂਆਂ ਦਾ ਸ਼ਾਓਲਿਨ ਮੰਦਰ ਵੀ ਘਿਰਿਆ ਹੋਇਆ ਹੈ। ਇਹ ਮੰਦਰ ਮਾਰਸ਼ਲ ਆਰਟ ਕਾਰਨ ਵਿਸ਼ਵ ਪ੍ਰਸਿੱਧ ਹੈ।

ਝੋਂਗਝੋਊ ਰੇਲਵੇ ਸਟੇਸ਼ਨ ਤੋਂ ਆਉਣ-ਜਾਣ ਵਾਲੀਆਂ ਲਗਪਗ 160 ਟਰੇਨਾਂ ਰੋਕ ਦਿੱਤੀਆਂ ਗਈਆਂ ਹਨ। ਹਜ਼ਾਰਾਂ ਲੋਕ ਬਿਨਾਂ ਬਿਜਲੀ-ਪਾਣੀ ਦੇ ਰਹਿਣ ਲਈ ਮਜਬੂਰ ਹਨ। ਸੈਂਕਡ਼ੇ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ।‘ਰਾਇਟਰ’ ਅਨੁਸਾਰ ਸਾਰੀਆਂ ਟਰੇਨਾਂ ਵਿਚ ਫਸੇ ਯਾਤਰੀ ਜਾਨ ਬਚਾਉਣ ਲਈ ਰਾਹਤ ਦਲ ਦੀ ਉਡੀਕ ਕਰ ਰਹੇ ਹਨ। ਇਹ ਲੋਕ ਗਰਦਨਾਂ ਤਕ ਪਾਣੀ ਵਿਚ ਡੁੱਬੇ ਹੋਏ ਹਨ। ਹਡ਼੍ਹ ’ਚ ਘਿਰੀਆਂ ਸਬ-ਵੇਅ ਟਰੇਨਾਂ ’ਚੋਂ 500 ਲੋਕਾਂ ਨੂੰ ਰਾਹਤ ਦਲਾਂ ਨੇ ਸੁਰੱਖਿਅਤ ਬਚਾਅ ਲਿਆ ਹੈ। ਹੇਨਾਨ ਦੇ ਇਕ ਦਰਜਨ ਸ਼ਹਿਰਾਂ ਵਿਚ ਇਸ ਤਰ੍ਹਾਂ ਹੀ ਪਾਣੀ ਭਰਿਆ ਹੋਇਆ ਹੈ।

ਮੌਸਮ ਵਿਭਾਗ ਦਾ ਅਗਲੇ ਤਿੰਨ ਦਿਨਾਂ ਤਕ ਹੇਨਾਨ ਵਿਚ ਵਿਚ ਬਾਰਸ਼ ਦਾ ਅਨੁਮਾਨ ਹੈ। ਝੋਂਗਝੋਊ ਵਿਚ ਸ਼ਨਿਚਰਵਾਰ ਤੋਂ ਮੰਗਲਵਾਰ ਤਕ 617.1 ਮਿਲੀਮੀਟਰ ਤਕ ਬਾਰਸ਼ ਹੋਈ ਸੀ। ਇਹ ਪੂਰੇ ਸਾਲ ਦੀ ਔਸਤਨ 640.8 ਮਿਲੀਮੀਟਰ ਬਾਰਸ਼ ਦੇ ਬਰਾਬਰ ਹੈ। ਅਜਿਹੀ ਬਾਰਸ਼ ਇਕ ਹਜ਼ਾਰ ਸਾਲ ਵਿਚ ਇਕ ਵਾਰ ਹੀ ਹੁੰਦੀ ਹੈ।