ਪ੍ਰਸ਼ਾਸਨ ਨੇ ਮਹਾਂਮਾਰੀ ਤੋਂ ਪ੍ਰਭਾਵਿਤ ਅੱਠ ਬੱਚਿਆਂ ਲਈ ਵਿੱਤੀ ਸਹਾਇਤਾ ਨੂੰ ਦਿੱਤੀ ਪ੍ਰਵਾਨਗੀ : ਡਿਪਟੀ ਕਮਿਸ਼ਨਰ

0
55

ਅਨਾਥ ਬੱਚਿਆਂ ਨੂੰ ਮਾਸਿਕ ਪੈਨਸ਼ਨ ਲਈ ਕੇਸ ਸਮਾਜਿਕ ਸੁਰੱਖਿਆ ਵਿਭਾਗ ਨੂੰ ਭੇਜੇ
ਸਿੱਖਿਆ ਅਤੇ ਰੋਜ਼ਗਾਰ ਵਿੱਚ ਵੀ ਦਿੱਤੀ ਜਾਵੇਗੀ ਸਹਾਇਤਾ

ਜਲੰਧਰ (ਰਮੇਸ਼ ਗਾਬਾ) ਕੋਵਿਡ-19 ਮਹਾਂਮਾਰੀ ਤੋਂ ਪ੍ਰਭਾਵਿਤ ਅਨਾਥ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਠ ਪੈਨਸ਼ਨ ਕੇਸਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜੋ ਕਿ ਮਾਸਿਕ ਪੈਨਸ਼ਨ ਦੀ ਵੰਡ ਲਈ ਸਮਾਜਿਕ ਸੁਰੱਖਿਆ ਵਿਭਾਗ ਨੂੰ ਭੇਜੇ ਗਏ ਹਨ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮਹਾਂਮਾਰੀ ਦੌਰਾਨ ਆਪਣੇ ਮਾਪਿਆਂ ਨੂੰ ਗੁਆ ਦੇਣ ਵਾਲੇ ਬੱਚਿਆਂ ਦੀ ਜਾਣਕਾਰੀ ਆਂਗਣਵਾੜੀ ਵਰਕਰਾਂ ਰਾਹੀਂ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਵਿੱਤੀ ਅਤੇ ਹੋਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਸਿਰਫ਼ ਮਹੀਨਾਵਾਰ ਪੈਨਸ਼ਨ ਹੀ ਨਹੀਂ ਸਗੋਂ ਇਹ ਆਪਣੀ ਸਿੱਖਿਆ ਅਤੇ ਪੜ੍ਹਾਈ ਤੋਂ ਬਾਅਦ ਰੋਜ਼ਗਾਰ ਵਿੱਚ ਵੀ ਸਹਾਇਤਾ ਹਾਸਲ ਕਰ ਸਕਣਗੇ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਸਿੰਘ ਰੰਧਾਵਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਕਿਸੇ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ, ਉਹ ਇਸ ਪੈਨਸ਼ਨ ਲਈ ਅਪਲਾਈ ਕਰ ਸਕਦਾ ਹੈ। ਯੋਗ ਲਾਭਪਾਤਰੀਆਂ ਨੂੰ ਮੌਤ ਦਾ ਸਰਟੀਫਿਕੇਟ, ਰਿਹਾਇਸ਼ੀ ਪ੍ਰਮਾਣ, ਉਮਰ ਦਾ ਸਬੂਤ ਅਤੇ ਆਧਾਰ ਕਾਰਡ ਜਮ੍ਹਾ ਕਰਾਉਣਾ ਹੋਵੇਗਾ। ਮਨਜ਼ੂਰੀ ਤੋਂ ਬਾਅਦ ਕੇਸਾਂ ਨੂੰ ਪੈਨਸ਼ਨਾਂ ਦੀ ਵੰਡ ਲਈ ਸਮਾਜਿਕ ਸੁਰੱਖਿਆ ਵਿਭਾਗ ਨੂੰ ਭੇਜਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦਰਖਾਸਤ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਂਗਣਵਾੜੀ ਵਰਕਰਾਂ, ਸੀ.ਡੀ.ਪੀ.ਓਜ਼ ਨੂੰ ਜਾਂ ਸਿੱਧੇ ਡੀ.ਪੀ.ਓ. ਦਫ਼ਤਰ ਨੂੰ ਅਗਲੇਰੀ ਪ੍ਰਕਿਰਿਆ ਲਈ ਦਿੱਤੀ ਜਾ ਸਕਦੀ ਹੈ।
ਸ਼੍ਰੀ ਰੰਧਾਵਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਰੋਜ਼ਗਾਰ ਦੇ ਮੌਕਿਆਂ ਵਿੱਚ ਵੀ ਸਹਾਇਤਾ ਕੀਤੀ ਜਾਂਦੀ ਹੈ ਕਿਉਂਕਿ ਉਨ੍ਹਾਂ ਦੇ ਨਾਮ ਰੋਜ਼ਗਾਰ ਜਨਰੇਸ਼ਨ ਵਿਭਾਗ ਵਿੱਚ ਨੌਕਰੀਆਂ ਲਈ ਸੂਚੀਬੱਧ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਪਰਿਵਾਰ, ਜਿਸ ਨੇ ਕੋਵਿਡ -19 ਕਾਰਨ ਆਪਣਾ ਰੋਜ਼ੀ-ਰੋਟੀ ਕਮਾਉਣ ਵਾਲਾ ਗੁਆ ਦਿੱਤਾ ਹੈ, ਦੇ ਆਸ਼ਰਿਤ ਪਤਨੀ ਅਤੇ ਨਾਬਾਲਗ ਬੱਚੇ 1500 ਰੁਪਏ ਮਾਸਿਕ ਪੈਨਸ਼ਨ ਲੈਣ ਲਈ ਯੋਗ ਹਨ।
ਡਿਪਟੀ ਕਮਿਸ਼ਨਰ ਨੇ ਅਜਿਹੇ ਸਮੁੱਚੇ ਪ੍ਰਭਾਵਿਤ ਪਰਿਵਾਰਾਂ ਅਤੇ ਬੱਚਿਆਂ ਨੂੰ ਪੈਨਸ਼ਨ ਲਈ ਬਿਨੈ ਕਰਨ ਦੀ ਅਪੀਲ ਕਰਦਿਆਂ ਅਧਿਕਾਰੀਆਂ ਨੂੰ ਅਜਿਹੇ ਕੇਸਾਂ ਦੀ ਸਮੇਂ ਸਿਰ ਤਸਦੀਕ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੈਨਸ਼ਨ ਅਤੇ ਹੋਰ ਫਾਇਦਿਆਂ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।