ਜਥੇਦਾਰ ਅਕਾਲ ਤਖ਼ਤ ਨੇ ਨਾਮਵਰ ਸਿੱਖ ਜਥੇਬੰਦੀਆਂ ਤੇ ਸੰਪਰਦਾਵਾਂ ਦੇ ਮੁਖੀਆਂ ਦੀ 26 ਜੁਲਾਈ ਨੂੰ ਸੱਦੀ ਇਕੱਤਰਤਾ

0
45

ਅੰਮ੍ਰਿਤਸਰ (TLT) ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 26 ਜੁਲਾਈ ਨੂੰ ਨਾਮਵਰ ਸਿੱਖ ਜਥੇਬੰਦੀਆਂ ਤੇ ਸੰਪਰਦਾਵਾਂ ਦੇ ਮੁਖੀਆਂ ਨਾਲ ਇਕੱਤਰਤਾ ਬੁਲਾਈ ਗਈ ਹੈ, ਜਿਸ ਵਿਚ ਅਜੋਕੇ ਸਮੇਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਅਤੇ ਗੁਰੂ ਗ੍ਰੰਥ ਸਾਹਿਬ ‘ਤੇ ਹੋ ਰਹੀ ਸਿਆਸਤ ‘ਤੇ ਰੋਕ ਲਗਾਏ ਜਾਣ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਗਲਿਆਰਾ ਵਿਚ ਜੋੜਾ ਘਰ ਤੇ ਦੋਪਹੀਆ ਵਾਹਨ ਪਾਰਕਿੰਗ ਦੀ ਉਸਾਰੀ ਲਈ ਖੁਦਾਈ ਦੌਰਾਨ ਮਿਲੀ ਪੁਰਾਤਨ ਇਮਾਰਤ ਸਬੰਧੀ ਪੈਦਾ ਵਿਵਾਦ ਦੇ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਸ ਇਮਾਰਤ ‘ਤੇ ਵੀ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ 1988 ਵਿਚ ਇਹ ਚਾਰ ਮੰਜ਼ਿਲਾਂ ਇਮਾਰਤ ਸਰਕਾਰ ਵਲੋਂ ਢਾਹੀ ਗਈ ਸੀ ਤਾਂ ਉਸ ਵੇਲੇ ਵਿਰੋਧ ਕਰਨ ਵਾਲੇ ਕਿੱਥੇ ਸਨ। ਇਸ ਮੌਕੇ ਉਨ੍ਹਾਂ ਨਾਲ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੀ ਮੌਜੂਦ ਸਨ।