ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਮਿਲੀ ਸੁਰੰਗ ਦੀ ASI ਕਰੇਗੀ ਜਾਂਚ

0
78

ਅੰਮ੍ਰਿਤਸਰ (TLT) ਗੁਰੂ ਨਗਰੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਖੁਦਾਈ ਦੇ ਦੌਰਾਨ ਮਿਲੀ ਸੁਰੰਗ ਦੀ ਜਾਂਚ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੀ ਟੀਮ ਕਰੇਗੀ। ਪ੍ਰਸ਼ਾਸਨ ਨੇ ਇਸ ਸਬੰਧ ਵਿਚ ਏਐੱਸਆਈ ਨੂੰ ਚਿੱਠੀ ਭੇਜ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਜੋਡ਼ਾ ਘਰ ਲਈ ਖੁਦਾਈ ਦੇ ਦੌਰਾਨ ਨਾਨਕਸ਼ਾਹੀ ਇੱਟਾਂ ਨਾਲ ਬਣੀ ਸੁਰੰਗ ਮਿਲੀ ਸੀ। ਇਸਨੂੰ ਲੈ ਕੇ ਦੋ ਧਿਰਾਂ ਆਹਮੋ-ਸਾਮਹਣੇ ਹੋ ਗਈਆਂ ਸਨ। ਇਕ ਧਿਰ ਸੁਰੰਗ ਬੰਦ ਕਰਨ ਅਤੇ ਦੂਜੀ ਧਿਰ ਇਸ ਦੀ ਜਾਂਚ ਕਰਾਉਣ ’ਤੇ ਅਡ਼ੀ ਹੋਈ ਸੀ। ਆਖ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਮ ਰੁਕਵਾ ਦਿੱਤਾ। ਸ਼ੁੱਕਰਵਾਰ ਨੂੰ ਸੁਰੰਗ ਦੀ ਜਾਂਚ ਲਈ ਭਾਰਤੀ ਪੁਰਾਤੱਤਵ ਸਰਵੇਖਣ ਨੂੰ ਚਿੱਠੀ ਲਿਖੀ ਗਈ ਹੈ।ਦਰਅਸਲ, ਅੰਮ੍ਰਿਤਸਰ ਸ਼ਹਿਰ ਦਾ ਸੁਰੰਗਾਂ ਨਾਲ ਪੁਰਾਣਾ ਨਾਤਾ ਰਿਹਾ ਹੈ ਅਤੇ ਸਮੇਂ-ਸਮੇਂ ’ਤੇ ਸੁਰੰਗਾਂ ਮਿਲਦੀਆਂ ਰਹੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਸਮੇਂ ਅੰਮ੍ਰਿਤਸਰ ਅਤੇ ਲਾਹੌਰ ਵਿਚਾਲੇ ਸੁਰੰਗ ਜ਼ਰੀਏ ਗੁਪਤ ਸੰਦੇਸ਼ ਪਹੁੰਚਾਏ ਜਾਂਦੇ ਸਨ। ਸ਼ੇਰਸ਼ਾਹ ਸੂਰੀ ਦੇ ਸਮੇਂ ਵੀ ਸਾਰਾ ਡਾਕ ਸਿਸਟਮ ਸੁਰੰਗਾਂ ਰਾਹੀਂ ਚੱਲਦਾ ਸੀ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਕਾਲ ਅਤੇ ਉਨ੍ਹਾਂ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਬੁੰਗੇ (ਛੋਟੇ-ਛੋਟੇ ਕਮਰੇ) ਬਣਾਏ ਗਏ ਸਨ। ਹੋ ਸਕਦਾ ਹੈ ਕਿ ਹੁਣ ਜਿਹਡ਼ੇ ਸੁਰੰਗ ਰੂਪੀ ਕਮਰੇ ਮਿਲੇ ਹਨ, ਇਹ ਉਨ੍ਹਾਂ ਬੁੰਗਿਆਂ ਦਾ ਹਿੱਸਾ ਹੋਣ।